ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ, ਸ਼੍ਰੀਗੰਗਾਨਗਰ ਦਾ AQI 821 ’ਤੇ ਪੁੱਜਾ
ਨਵੀਂ ਦਿੱਲੀ: ਦਿਵਾਲੀ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ’ਤੇ ਬਣਿਆ ਹੋਇਆ ਹੈ। AQI.in ਦੇ ਅੰਕੜਿਆਂ ਮੁਤਾਬਕ, ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 49 ਸ਼ਹਿਰ ਭਾਰਤ ਦੇ ਹਨ, ਜਦਕਿ ਸਿਰਫ਼ ਇੱਕ ਸ਼ਹਿਰ ਪਾਕਿਸਤਾਨ ਦਾ ਸ਼ਾਮਲ ਹੈ।
ਅੰਕੜਿਆਂ ਅਨੁਸਾਰ ਅੱਜ ਸਵੇਰੇ 9:54 ਵਜੇ ਰਾਜਸਥਾਨ ਦਾ ਸ਼੍ਰੀਗੰਗਾਨਗਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ AQI 821 ਦਰਜ ਕੀਤਾ ਗਿਆ। ਇਸ ਸੂਚੀ ਵਿੱਚ ਪਾਕਿਸਤਾਨ ਦਾ ਲਾਹੌਰ 430 AQI ਨਾਲ 14ਵੇਂ ਸਥਾਨ ’ਤੇ ਰਿਹਾ।
ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ਵਿੱਚ AQI 400 ਤੋਂ ਪਾਰ ਦਰਜ ਕੀਤਾ ਗਿਆ, ਜਦਕਿ ਕਈ ਹੋਰ ਇਲਾਕਿਆਂ ਵਿੱਚ ਵੀ ਇਹ 300 ਤੋਂ ਉੱਪਰ ਰਿਹਾ।
ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਉਜੈਨ ਤੋਂ ਇਲਾਵਾ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਵੀ AQI 400 ਦੇ ਪਾਰ ਪਹੁੰਚ ਗਿਆ। ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ 332, ਬੁਲੰਦਸ਼ਹਿਰ ਵਿੱਚ 331 ਅਤੇ ਗਾਜ਼ੀਆਬਾਦ ਵਿੱਚ 324 AQI ਦਰਜ ਕੀਤਾ ਗਿਆ।
ਇਸ ਦੌਰਾਨ ਮੌਸਮ ਵਿੱਚ ਠੰਢ ਦਾ ਅਸਰ ਵੀ ਵਧਣ ਲੱਗਾ ਹੈ। ਮੱਧ ਪ੍ਰਦੇਸ਼ ਵਿੱਚ ਰਾਤ ਦਾ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਉੱਤਰ ਪ੍ਰਦੇਸ਼ ਵਿੱਚ 15 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।