ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ
ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। 15 ਸਤੰਬਰ ਤੋਂ 26 ਅਕਤੂਬਰ 2026 ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 684 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 26 ਅਕਤੂਬਰ ਨੂੰ ਹੀ 103 ਨਵੀਆਂ ਘਟਨਾਵਾਂ ਸਾਹਮਣੇ ਆਈਆਂ। ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਤਰਨ ਤਾਰਨ ਵਿੱਚ ਸਭ ਤੋਂ ਵੱਧ 305 ਅਤੇ ਅੰਮ੍ਰਿਤਸਰ ਵਿੱਚ 152 ਮਾਮਲੇ ਦਰਜ ਹੋਏ ਹਨ। ਇਹ ਦੋਵੇਂ ਜ਼ਿਲ੍ਹੇ ਕੁੱਲ ਘਟਨਾਵਾਂ ਦਾ ਲਗਭਗ 67 ਫ਼ੀਸਦੀ ਹਿੱਸਾ ਹਨ।
126 ਮਾਮਲਿਆਂ ਵਿੱਚ ਪੁਲਿਸ ਕੇਸ ਦਰਜ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ 126 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 64 ਕੇਸ ਤਰਨ ਤਾਰਨ ਅਤੇ 24 ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਰਜ ਹੋਏ ਹਨ। ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਤਹਿਤ 26 ਅਕਤੂਬਰ ਤੱਕ 246 ਮਾਮਲਿਆਂ ਵਿੱਚ ਕੁੱਲ 12.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚੋਂ 6 ਲੱਖ ਰੁਪਏ ਵਸੂਲ ਕੀਤੇ ਜਾ ਚੁੱਕੇ ਹਨ।
222 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ 222 ਮਾਮਲਿਆਂ ਵਿੱਚ ਸਬੰਧਤ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਰੋਕਥਾਮ ਲਈ ਤਾਇਨਾਤ 330 ਨੋਡਲ ਅਤੇ ਨਿਗਰਾਨ ਅਧਿਕਾਰੀਆਂ ਨੂੰ ਚਿਤਾਵਨੀ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਾਲ ਵਿਭਾਗ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਸੀ ਤਾਲਮੇਲ ਨਾਲ ਕਾਰਵਾਈ ਕਰ ਰਹੇ ਹਨ।
ਪਿਛਲੇ ਸਾਲ ਨਾਲੋਂ ਘੱਟ ਮਾਮਲੇ
ਪਿਛਲੇ ਸਾਲ 26 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 743 ਘਟਨਾਵਾਂ ਦਰਜ ਹੋਈਆਂ ਸਨ, ਜਦਕਿ ਇਸ ਸਾਲ ਇਸੇ ਤਾਰੀਖ ਤੱਕ 684 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਨ੍ਹਾਂ ਮਾਮਲਿਆਂ ਵਿੱਚ 266 ਕੇਸ ਦਰਜ ਕੀਤੇ ਗਏ ਸਨ ਅਤੇ ਕਿਸਾਨਾਂ ’ਤੇ ਕੁੱਲ 16.80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਦਰਜ ਕੇਸਾਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਘੱਟ ਹੈ, ਪਰ ਪ੍ਰਸ਼ਾਸਨ ਵੱਲੋਂ ਰੋਕਥਾਮ ਅਤੇ ਨਿਗਰਾਨੀ ਦੀ ਕਾਰਵਾਈ ਜਾਰੀ ਹੈ।