ਚੰਡੀਗ੍ਹੜ ‘ਚ 40 ਸਾਲ ਪੁਰਾਣੀ ਮੰਗ ਹੋਵੇਗੀ ਪੂਰੀ, ਹੁਣ ਆਪਣੇ ਘਰਾਂ ਦੇ ਮਾਲਕ ਬਣਨਗੇ ਲੋਕ
Chandigarh Rehabilitation Colonies; ਚੰਡੀਗੜ੍ਹ ਦੀਆਂ ਰੀਹੈਬਿਲਿਟੇਸ਼ਨ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪਿਛਲੇ 30 ਤੋਂ 40 ਸਾਲਾਂ ਤੋਂ ਚੱਲ ਰਹੀ ਮਾਲਕਾਨਾ ਹੱਕ ਦੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਲੀਜ਼ਹੋਲਡ ਮਕਾਨਾਂ ਨੂੰ ਫ੍ਰੀਹੋਲਡ ਵਿੱਚ ਤਬਦੀਲ ਕਰਨ ਦੇ ਫੈਸਲੇ ਨਾਲ ਕਰੀਬ 50 ਹਜ਼ਾਰ ਪਰਿਵਾਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ।
ਇਸ ਫੈਸਲੇ ਨੂੰ ਲੈ ਕੇ ਚੰਡੀਗੜ੍ਹ ਭਾਜਪਾ ਦੇ ਸਟੇਟ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਇਹ ਲੋਕਾਂ ਦੀ ਕਈ ਦਹਾਕਿਆਂ ਪੁਰਾਣੀ ਮੰਗ ਸੀ। ਉਨ੍ਹਾਂ ਮੁਤਾਬਕ ਇਨ੍ਹਾਂ ਕਲੋਨੀਆਂ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਨੂੰ ਘਰ ਅਲਾਟ ਕੀਤੇ ਗਏ ਸਨ ਅਤੇ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਸਿਰ ’ਤੇ ਆਪਣੀ ਛੱਤ ਹੋਵੇ।
ਜਤਿੰਦਰ ਮਲਹੋਤਰਾ ਨੇ ਦਾਅਵਾ ਕੀਤਾ ਕਿ ਲੋਕਾਂ ਦੀ ਪੈਨਲਟੀ ਅਤੇ ਵਿਆਜ ਮੁਆਫ਼ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ। ਹਾਲਾਂਕਿ ਮਕਾਨਾਂ ਦੀ ਲੀਜ਼ ਮਨੀ ਜਾਂ ਕਿਰਾਇਆ ਬਕਾਇਆ ਹੋਣ ’ਤੇ ਉਸ ਦੀ ਅਦਾਇਗੀ ਕਰਨੀ ਪਵੇਗੀ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧੀਨ ਆਉਣ ਵਾਲੇ ਫਲੈਟਾਂ ਅਤੇ ਅਸਟੇਟ ਆਫਿਸ ਦੇ ਅਧੀਨ ਆਉਣ ਵਾਲੀਆਂ ਪ੍ਰਾਪਰਟੀਆਂ ਲਈ ਵੱਖ-ਵੱਖ ਨਿਯਮ ਲਾਗੂ ਹੋ ਸਕਦੇ ਹਨ। GPA ਰਾਹੀਂ ਮਕਾਨ ਖਰੀਦਣ ਵਾਲਿਆਂ ਦੇ ਮਾਮਲਿਆਂ ਵਿੱਚ ਵੀ ਵੱਖਰੀ ਪ੍ਰਕਿਰਿਆ ਅਪਣਾਈ ਜਾਵੇਗੀ। ਮੂਲ ਅਲਾਟੀ ਦੀ ਮੌਤ ਹੋਣ ਦੀ ਸੂਰਤ ਵਿੱਚ ਕਾਨੂੰਨੀ ਵਾਰਸਾਂ ਨੂੰ ਟਰਾਂਸਫਰ ਦੀ ਇਜਾਜ਼ਤ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਵੱਖ-ਵੱਖ ਕਲੋਨੀਆਂ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਦਸਤਾਵੇਜ਼ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਜਾ ਸਕਦੀ ਹੈ।
ਦੂਜੇ ਪਾਸੇ, ਇਸ ਫੈਸਲੇ ਨੂੰ ਨਗਰ ਨਿਗਮ ਚੋਣਾਂ ਨਾਲ ਜੋੜੇ ਜਾਣ ’ਤੇ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਇਹ ਕੋਈ ਚੋਣਾਵੀ ਫੈਸਲਾ ਨਹੀਂ, ਸਗੋਂ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ।
ਹੁਣ ਦੇਖਣਾ ਹੋਵੇਗਾ ਕਿ ਫ੍ਰੀਹੋਲਡ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ ਅਤੇ ਲੋਕਾਂ ਨੂੰ ਅਸਲ ਵਿੱਚ ਮਾਲਕਾਨਾ ਹੱਕ ਦੇ ਦਸਤਾਵੇਜ਼ ਕਦੋਂ ਮਿਲਦੇ ਹਨ।