ਧਰਤੀ ਮਾਂ ਦਾ ਧੰਨਵਾਦ ਤੇ ਮੁਆਫ਼ੀ ਮੰਗਣ ਦਾ ਦਿਨ : ਸੰਤ ਸੀਚੇਵਾਲ

ਦੁਨੀਆ ਭਰ ਵਿੱਚ ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਂਦੇ “ਵਿਸ਼ਵ ਧਰਤੀ ਦਿਵਸ” ਦੀ ਪੂਰਬ ਸੰਧਿਆ ਮੌਕੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੁੱਖਤਾ ਨੂੰ ਸਾਡੀ ਤਾਕਤ – ਸਾਡਾ ਗ੍ਰਹਿ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਧਰਤੀ ਮਾਂ ਨੇ ਲੱਖਾਂ ਸਾਲਾਂ ਤੋਂ ਮਨੁੱਖ ਨੂੰ ਬੇਹਿਸਾਬ ਕੁਦਰਤੀ ਸੰਸਾਧਨ ਬਖ਼ਸ਼ੇ ਹਨ, ਇਸ […]
Khushi
By : Updated On: 22 Apr 2026 11:07:AM
ਧਰਤੀ ਮਾਂ ਦਾ ਧੰਨਵਾਦ ਤੇ ਮੁਆਫ਼ੀ ਮੰਗਣ ਦਾ ਦਿਨ : ਸੰਤ ਸੀਚੇਵਾਲ

ਦੁਨੀਆ ਭਰ ਵਿੱਚ ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਂਦੇ “ਵਿਸ਼ਵ ਧਰਤੀ ਦਿਵਸ” ਦੀ ਪੂਰਬ ਸੰਧਿਆ ਮੌਕੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੁੱਖਤਾ ਨੂੰ ਸਾਡੀ ਤਾਕਤ – ਸਾਡਾ ਗ੍ਰਹਿ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਧਰਤੀ ਮਾਂ ਨੇ ਲੱਖਾਂ ਸਾਲਾਂ ਤੋਂ ਮਨੁੱਖ ਨੂੰ ਬੇਹਿਸਾਬ ਕੁਦਰਤੀ ਸੰਸਾਧਨ ਬਖ਼ਸ਼ੇ ਹਨ, ਇਸ ਲਈ ਸਾਨੂੰ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ। ਨਾਲ ਹੀ ਮਨੁੱਖ ਵੱਲੋਂ ਕੀਤੇ ਗਏ ਪ੍ਰਦੂਸ਼ਣ ਅਤੇ ਤਬਾਹੀ ਲਈ ਇਸ ਪਵਿੱਤਰ ਦਿਨ ‘ਤੇ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।

ਸੰਤ ਸੀਚੇਵਾਲ ਨੇ ਮਨੁੱਖ ਜਾਤੀ ਨੂੰ ਆਪਣੀ ਹੋਂਦ ਬਚਾਉਣ ਲਈ ਸਚੇਤ ਕਰਦਿਆਂ ਕਿਹਾ, “ਆਓ ਅਸੀਂ ਧਰਤੀ ਮਾਂ ਦੇ ਸਰਬਣ ਪੁੱਤ ਬਣੀਏ ਅਤੇ ਉਸਦੀ ਸੇਵਾ ਕਰੀਏ।” ਉਨ੍ਹਾਂ ਦੱਸਿਆ ਕਿ ਧਰਤੀ ਗ੍ਰਹਿ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਹਵਾ, ਪਾਣੀ ਅਤੇ ਮਿੱਟੀ ਮਨੁੱਖੀ ਜੀਵਨ ਦੇ ਮੁੱਖ ਅਧਾਰ ਹਨ।

ਉਨ੍ਹਾਂ ਨੇ ਯਾਦ ਕਰਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਸੀ—“ਮਾਤਾ ਧਰਤਿ ਮਹਤੁ।” ਉਨ੍ਹਾਂ ਕਿਹਾ ਕਿ ਇਸ ਬ੍ਰਹਿਮੰਡ ਵਿੱਚ ਧਰਤੀ ਹੀ ਇਕੋ ਇਕ ਐਸਾ ਗ੍ਰਹਿ ਹੈ ਜਿੱਥੇ ਮਨੁੱਖੀ ਜੀਵਨ, ਪਾਣੀ ਅਤੇ ਬਨਸਪਤੀ ਮੌਜੂਦ ਹੈ। ਹੋਰ ਗ੍ਰਹਿਆਂ ‘ਤੇ ਖੋਜ ਜਾਰੀ ਹੈ, ਪਰ ਅਜੇ ਤੱਕ ਧਰਤੀ ਵਰਗੀਆਂ ਸੁਵਿਧਾਵਾਂ ਕਿਤੇ ਨਹੀਂ ਮਿਲੀਆਂ।

ਉਨ੍ਹਾਂ ਨੇ ਇਹ ਵੀ ਦਰਸਾਇਆ ਕਿ 1970 ਤੋਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1969 ਵਿੱਚ ਅਮਰੀਕਾ ਵਿੱਚ ਵਾਤਾਵਰਣ ਬਚਾਉਣ ਲਈ ਹੋਏ ਵੱਡੇ ਆੰਦੋਲਨ ਤੋਂ ਹੋਈ, ਜਿਸ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਸੀ।

ਸੰਤ ਸੀਚੇਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਵੱਧ ਰਹੀ ਆਲਮੀ ਤਪਸ਼ ਮਨੁੱਖਤਾ ਲਈ ਵੱਡਾ ਖ਼ਤਰਾ ਬਣ ਰਹੀ ਹੈ। ਧਰਤੀ ਨੂੰ ਠੰਢਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਲੋੜ ਹੈ, ਕਿਉਂਕਿ ਰੁੱਖ ਹੀ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਧਰਤੀ ਮਾਂ ਸਾਡੀ ਮਾਂ ਦੀ ਵੀ ਮਾਂ ਹੈ, ਇਸ ਲਈ ਉਸਦਾ ਸਤਿਕਾਰ ਅਤੇ ਸੰਭਾਲ ਸਾਡੀ ਜਿੰਮੇਵਾਰੀ ਹੈ।

ਬੰਬਾਂ ਨਾਲ ਧਰਤੀ ਮਾਂ ਦੀ ਹਿੱਕ ਚੀਰ ਰਹੇ ਹਾਂ

ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਸੀਂ ਅੱਜ ਵਾਤਾਵਰਣ ਦੀ ਸੰਭਾਲ ਨਹੀਂ ਕੀਤੀ ਤਾਂ ਭਵਿੱਖ ਵਿੱਚ ਪੈਸੇ ਦੀ ਕੋਈ ਕਦਰ ਨਹੀਂ ਰਹੇਗੀ। ਉਨ੍ਹਾਂ ਨੇ ਦੁੱਖ ਜਤਾਇਆ ਕਿ ਜੰਗਾਂ ਅਤੇ ਹਥਿਆਰਾਂ ਦੀ ਦੌੜ ਨਾਲ ਧਰਤੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ। ਮਿਸਾਈਲਾਂ ਅਤੇ ਤਾਕਤਵਰ ਬੰਬ ਧਰਤੀ ਦੀ ਛਾਤੀ ਨੂੰ ਚੀਰ ਰਹੇ ਹਨ, ਜਿਸ ਨਾਲ ਆਲਮੀ ਤਪਸ਼ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਅਪੀਲ ਕੀਤੀ ਕਿ ਅਮਨ ਅਤੇ ਪ੍ਰਕਿਰਤੀ ਦੀ ਰੱਖਿਆ ਵੱਲ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਅਤੇ ਸਾਫ਼ ਧਰਤੀ ਛੱਡੀ ਜਾ ਸਕੇ।

Read Latest News and Breaking News at Daily Post TV, Browse for more News

Ad
Ad