ਗੁਰਦੁਆਰਾ ਸਾਹਿਬ ਜਾ ਰਹੇ ਗ੍ਰੰਥੀ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ‘ਚ ਆਏ ਬਦਮਾਸ਼ਾਂ ਨੇ ਲੁੱਟਿਆ
Punjab Crime News: ਨਜ਼ਦੀਕ ਸੜਕ ‘ਤੇ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਅਚਾਨਕ ਕੁਝ ਨਿਹੰਗ ਸਿੰਘ ਦੇ ਬਾਣੇ ਪਾ ਕੇ ਆਏ ਤਿੰਨ ਲੁਟੇਰਿਆਂ ‘ਚੋਂ 2 ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
Robbery in Sultanpur Lodhi: ਸੁਲਤਾਨਪੁਰ ਲੋਧੀ ‘ਚ ਲਗਾਤਾਰ ਲੁੱਟਾਂ ਖੋਹਾਂ ਦਾ ਸਿਲਸਿਲਾ ਵੱਧ ਰਿਹਾ ਹੈ। ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਦੇ ਹੌੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਹਾ। ਤਾਜ਼ਾ ਲੁੱਟ ਦਾ ਮਾਮਲਾ ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਹਦੀਰੇ ਦੇ ਨੇੜੇ ਪਿੰਡ ਮਾਛੀਜੋਆ ਤੋਂ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦੀ ਮੇਨ ਸੜਕ ‘ਤੇ ਤੜਕਸਾਰ ਡਿਉਟੀ ‘ਤੇ ਜਾ ਰਹੇ ਨਜ਼ਦੀਕੀ ਪਿੰਡ ਚੂਹੜਪੁਰ ਦੇ ਗ੍ਰੰਥੀ ਸਿੰਘ ਭਾਈ ਸੁਰਜੀਤ ਸਿੰਘ ਨੱਲ੍ਹ ਨੂੰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗ੍ਰੰਥੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸਦਾ ਮੋਟਰਸਾਈਕਲ, ਮੋਬਾਈਲ ਤੇ ਨਕਦੀ ਖੋਹਕੇ ਫਰਾਰ ਹੋ ਗਏ।
ਗ੍ਰੰਥੀ ਦੇ ਸਿਰ ‘ਤੇ ਲੱਗੇ 20-22 ਟਾਂਕੇ
ਜ਼ਖਮੀ ਗ੍ਰੰਥੀ ਸਿੰਘ ਨੂੰ ਕਿਸੇ ਤਰ੍ਹਾਂ ਲੋਕਾਂ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੇ ਸਿਰ ‘ਤੇ 20-22 ਟਾਂਕੇ ਲਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਖੰਡ ਪਾਠੀ ਵੈੱਲਫੇਅਰ ਸੋਸਾਇਟੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਪੰਨਗੋਟਾ ਤੇ ਗ੍ਰੰਥੀ ਸਿੰਘ ਭਾਈ ਸੁਰਜੀਤ ਸਿੰਘ ਨਿਵਾਸੀ ਪਿੰਡ ਨੱਲ੍ਹ ਨੇ ਦੱਸਿਆ ਕਿ ਉਹ ਪਿੰਡ ਚੂਹੜਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।
ਨਿਹੰਗ ਸਿੰਘ ਦੇ ਬਾਣੇ ‘ਚ ਆਏ ਬਦਮਾਸ਼
ਕੱਲ੍ਹ ਸਵੇਰੇ ਤੜਕੇ ਉਹ ਸੁਲਤਾਨਪੁਰ ਲੋਧੀ ਦੇ ਪੁੱਡਾ ਕਾਲੋਨੀ ਨੇੜੇ ਹਦੀਰੇ ਦੇ ਨਜ਼ਦੀਕ ਸੜਕ ‘ਤੇ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਅਚਾਨਕ ਕੁਝ ਨਿਹੰਗ ਸਿੰਘ ਦੇ ਬਾਣੇ ਪਾ ਕੇ ਆਏ ਤਿੰਨ ਲੁਟੇਰਿਆਂ ‘ਚੋਂ 2 ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਉਹ ਜ਼ਖਮੀ ਹੋ ਗਿਆ ਤਾਂ ਲੁਟੇਰੇ ਉਸਦਾ ਮੋਟਰਸਾਈਕਲ, ਮੋਬਾਈਲ ਤੇ ਨਕਦੀ ਜਬਰੀ ਲੁੱਟ ਕੇ ਫਰਾਰ ਹੋ ਗਏ। ਪੀੜਤ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ।