ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਅਤੇ ਭੈਣੀ ਮੀਆਂ ਖਾਨ ’ਚ ਸਵੇਰ ਸਮੇਂ ਹੋਇਆ ਵੱਡਾ ਧਮਾਕਾ
Punjab News: ਪਾਕਿਸਤਾਨ ਨਾਲ ਪੈਦਾ ਹੋਏ ਤਨਾਅ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ‘ਤੇ ਧਮਾਕੇ ਹੋਣ ਦੀਆਂ ਖ਼ਬਰਾਂ ਵਿਚਾਲੇ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ ਦੇ ਭੈਣੀ ਮੀਆਂ ਖਾਨ ਨੇੜਲੇ ਪਿੰਡ ਸਿਸ਼ਰਾ ਵਿਖੇ ਵੀ ਵੱਡੇ ਧਮਾਕੇ ਹੋਏ ਹਨ। ਇਸ ਇਲਾਕੇ ਦੇ ਵਿਚ ਵਸਨੀਕਾ ਨੇ ਦੱਸਿਆ ਕਿ ਸਵੇਰੇ 4:55 ਮਿੰਟ ਤੇ ਉਨ੍ਹਾਂ ਨੇ ਕਰੀਬ ਪੰਜ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਆਸ-ਪਾਸ ਪਿੰਡਾਂ ਦੇ ਲੋਕ ਇਕਦਮ ਸਹਿਮ ਗਏ।
ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਪਰ ਗਨੀਮਤ ਇਹ ਰਹੀ ਕਿ ਇਹ ਧਮਾਕੇ ਕਿਸੇ ਰਿਹਾਸੀ ਇਲਾਕੇ ਵਿਚ ਨਹੀਂ ਸਗੋਂ ਪਿੰਡ ਦੇ ਬਾਹਰ ਬਾਹਰ ਖੇਤਾਂ ਵਿਚ ਹੋਏ ਸਨ ਜਿੱਥੇ ਪਿੰਡ ਸਿਸ਼ਰੇ ਦੇ ਵਸਨੀਕ ਅਪਾਰ ਸਿੰਘ ਦੇ ਖੇਤਾਂ ਵਿਚ ਵੱਡੇ ਟੋਏ ਪਏ ਹੋਏ ਹਨ। ਧਮਾਕਿਆਂ ਦੇ ਕੁਝ ਮਿੰਟਾਂ ਬਾਅਦ ਲੋਕ ਘਰਾਂ ‘ਚੋਂ ਨਿਕਲੇ ਅਤੇ ਖੇਤਾਂ ਵਿਚ ਗਏ। ਲੋਕਾਂ ਨੇ ਇਹ ਟੋਏ ਦੇਖ ਕੇ ਹੋਰਨਾਂ ਨੂੰ ਸੂਚਿਤ ਕੀਤਾ ਜਿਸ ਦੇ ਬਾਅਦ ਕੁਝ ਹੀ ਸਮੇਂ ਵਿਚ ਇੱਥੇ ਲੋਕਾਂ ਦੀ ਭੀੜ ਲੱਗ ਗਈ। ਆਸ-ਪਾਸ ਪਿੰਡਾਂ ਤੋਂ ਲੋਕ ਇਹ ਟੋਏ ਦੇਖਣ ਆ ਰਹੇ ਹਨ।
ਗੁਰਦਾਸਪੁਰ ਤੋਂ ਇਲਾਵਾ ਫਗਵਾੜਾ ‘ਚ ਦੇਰ ਰਾਤ ਕਰੀਬ 2.37 ਤੋਂ 2.40 ਦਰਮਿਆਨ ਤਿੰਨ ਧਮਾਕੇ ਹੋਏ, ਜਿਸ ਦੌਰਾਨ ਪਿੰਡ ਖਲਿਆਣ ਦੇ ਖ਼ੇਤਾਂ ਵਿਚ ਅੱਗ ਲੱਗ ਗਈ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਜਾਨੀ ਨੁਕਸਾ ਤੋਂ ਬਚਾਅ ਰਿਹਾ।
ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਭਨਵਾਲ ਵਿਖੇ ਇਕ ਘਰ ਦੀ ਛੱਤ ’ਤੇ ਰਾਕਟ ਸੈੱਲ ਡਿੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਵੇਰੇ ਕਰੀਬ ਪੰਜ ਵਜੇ ਇਹ ਰਾਕੇਟ ਸ਼ੈਲ ਇਕ ਘਰ ਦੀ ਛੱਤ ’ਤੇ ਡਿੱਗਾ, ਜਿਸ ਨਾਲ ਘਰ ਦੀ ਛੱਤ ’ਤੇ ਵੱਡਾ ਸੁਰਾਖ ਹੋ ਗਿਆ। ਪਰ ਕਿਸੇ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਪਿੰਡ ਦੇ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ।