ਦੀਵਾਲੀ ਦੀ ਰਾਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਟਾਕੇ ਦੇ ਧਮਾਕੇ ਨੇ ਲਈ ਬੱਚੇ ਦੀ ਜਾਨ
Ludhiana 14 year old boy dies; ਰਾਏਕੋਟ ਦੇ ਕਸਬਾ ਸੁਧਾਰ ਤੋਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਮਾਤਮ ‘ਚ ਬਦਲ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਟਾਕਾ ਚਲਾਉਣ ਦੌਰਾਨ ਹੋਏ ਧਮਾਕੇ ਨੇ 14 ਸਾਲਾ ਮਾਸੂਮ ਦੀ ਜਾਨ ਲੈ ਲਈ। ਜਿਸ ਬੱਚੇ ਦੇ ਹੱਥਾਂ ‘ਚ ਦੀਵਾਲੀ ਦੀਆਂ ਖੁਸ਼ੀਆਂ ਦੇ ਪਟਾਕੇ ਸਨ, ਉਸੇ ਪਟਾਕੇ ਨੇ ਪਰਿਵਾਰ ਦੀ ਜ਼ਿੰਦਗੀ ‘ਚ ਹਨੇਰਾ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਾਕਿਤ ਮਿੱਤਲ ਉਰਫ਼ ਗਗਨ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, 8 ਨਵੰਬਰ ਦੀ ਰਾਤ ਕਰੀਬ 9 ਵਜੇ ਗਗਨ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਤੋਂ ਬਾਅਦ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਇੱਕ ਪਟਾਕੇ ਨੂੰ ਅੱਗ ਲਗਾਈ, ਪਰ ਪਟਾਕਾ ਨਹੀਂ ਚੱਲਿਆ। ਜਦੋਂ ਉਹ ਦੁਬਾਰਾ ਉਸ ਨੂੰ ਚਲਾਉਣ ਲਈ ਨੇੜੇ ਗਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ।
ਧਮਾਕਾ ਇੰਨਾ ਤੇਜ਼ ਸੀ ਕਿ ਪਟਾਕਾ ਗਗਨ ਦੇ ਚਿਹਰੇ ਅਤੇ ਗਰਦਨ ਨੇੜੇ ਫਟ ਗਿਆ। ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸੁਧਾਰ ਦੇ ਸਰਬਜੀਤ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ, ਪਰ ਗਗਨ ਨੂੰ ਬਚਾਇਆ ਨਹੀਂ ਜਾ ਸਕਿਆ।
ਗਗਨ ਕਸਬਾ ਸੁਧਾਰ ਦੇ ਕਾਰੋਬਾਰੀ ਅਤੇ ਸਮਾਜ ਸੇਵੀ ਸੁਰੇਸ਼ ਕੁਮਾਰ ਦਾ ਪੋਤਾ ਸੀ। ਇਸ ਹਾਦਸੇ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਘਰ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਹੁਣ ਮਾਤਮ ਪਸਰ ਗਿਆ।
ਅੱਜ ਗਮਗੀਨ ਮਾਹੌਲ ਵਿੱਚ ਗਗਨ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਆਗੂਆਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ। ਮਾਪਿਆਂ ਦਾ ਵਿਰਲਾਪ ਦੇਖ ਕੇ ਹਰ ਅੱਖ ਨਮ ਹੋ ਗਈ।