ਬਠਿੰਡਾ ‘ਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ, ਦੋ ਧੀਆਂ ਜ਼ਖ਼ਮੀ
Bathinda Roof Collapse Accident; ਪੰਜਾਬ ਵਿੱਚ ਜਾਰੀ ਮਾਨਸੂਨ ਦੌਰਾਨ ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕਰੀਬ 11 ਵਜੇ ਇੱਕ ਜਰਜਰ ਮਕਾਨ ਦੀ ਛੱਤ ਅਚਾਨਕ ਡਿੱਗ ਪਈ, ਜਿਸ ਕਾਰਨ ਕਮਰੇ ਵਿੱਚ ਸੁੱਤਾ ਪੂਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਧਮਾਕੇ ਵਰਗੀ ਆਵਾਜ਼ ਸੁਣ ਕੇ ਇਲਾਕਾ ਵਾਸੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ।
ਮਲਬੇ ਵਿੱਚੋਂ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 40 ਸਾਲਾ ਵੀਰਪਾਲ ਕੌਰ ਅਤੇ ਉਸ ਦੇ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋਵੇਂ ਧੀਆਂ ਸਮਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਜ਼ਖ਼ਮੀ ਹਨ ਅਤੇ ਇਲਾਜ ਅਧੀਨ ਹਨ। ਸਮਨਪ੍ਰੀਤ ਦੀ ਲੱਤ ਟੁੱਟ ਗਈ ਹੈ, ਜਦਕਿ ਖੁਸ਼ਪ੍ਰੀਤ ਦੇ ਹੱਥ ਵਿੱਚ ਫ੍ਰੈਕਚਰ ਹੈ।
ਜਾਣਕਾਰੀ ਅਨੁਸਾਰ ਸਮਨਪ੍ਰੀਤ ਪੜ੍ਹਾਈ ਵਿੱਚ ਬਹੁਤ ਹੋਣਹਾਰ ਵਿਦਿਆਰਥਣ ਹੈ। ਉਹ ਲਗਾਤਾਰ ਨੌਂ ਸਾਲ ਆਪਣੀ ਕਲਾਸ ਵਿੱਚ ਪਹਿਲਾ ਸਥਾਨ ਹਾਸਲ ਕਰਦੀ ਰਹੀ ਹੈ ਅਤੇ ਹਾਲ ਹੀ ਵਿੱਚ 12ਵੀਂ ਜਮਾਤ 95 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ।
ਮ੍ਰਿਤਕਾ ਦਾ ਪਤੀ ਧਰਮ ਸਿੰਘ ਉਰਫ਼ ਕਾਲਾ ਤਲਵੰਡੀ ਸਾਬੋ ਦੇ ਇੱਕ ਨਿੱਜੀ ਸੀਵਰੇਜ ਪਲਾਂਟ ਵਿੱਚ ਕੰਮ ਕਰਦਾ ਹੈ। ਅਰਸ਼ਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੁਲਿਸ ਮੁਤਾਬਕ ਮਕਾਨ ਪਹਿਲਾਂ ਹੀ ਕਾਫ਼ੀ ਜਰਜਰ ਸੀ ਅਤੇ ਹਾਲੀਆ ਬਾਰਿਸ਼ ਕਾਰਨ ਹੋਰ ਕਮਜ਼ੋਰ ਹੋਣ ਤੋਂ ਬਾਅਦ ਛੱਤ ਢਹਿ ਗਈ।