ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ
- 2019 ਦੀ ਭਾਰਤ-ਪਾਕਿ ਝੜਪ ਤੋਂ ਬਾਅਦ ਆਏ ਸਨ ਚਰਚਾ ਵਿੱਚ
- ਵੀਰ ਚੱਕਰ ਨਾਲ ਹੋ ਚੁੱਕੇ ਹਨ ਸਨਮਾਨਿਤ
Abhinandan leaves Air Force: ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅਭਿਨੰਦਨ ਨੇ ਭਾਰਤੀ ਹਵਾਈ ਸੈਨਾ ਦੀ ਨੌਕਰੀ ਛੱਡ ਦਿੱਤੀ ਹੈ ਅਤੇ ਹੁਣ ਉਹ ਖੇਤਰੀ ਏਅਰਲਾਈਨ Fly91 ਨਾਲ ਪਾਇਲਟ ਵਜੋਂ ਜੁੜ ਗਏ ਹਨ। PTI ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਅਭਿਨੰਦਨ ਦੀ ਨਵੀਂ ਨੌਕਰੀ ਨੂੰ ਲੈ ਕੇ Fly91 ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਕਰਮਚਾਰੀਆਂ ਨਾਲ ਸਬੰਧਤ ਨਿੱਜੀ ਜਾਣਕਾਰੀ ਇੱਕ ਨਿੱਜੀ ਮਾਮਲਾ ਹੈ। ਇਸ ਕਾਰਨ ਅਭਿਨੰਦਨ ਦੀ ਭੂਮਿਕਾ ਬਾਰੇ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ। Fly91 ਨੇ ਮਾਰਚ 2024 ਵਿੱਚ ਆਪਣਾ ਹਵਾਈ ਸੰਚਾਲਨ ਸ਼ੁਰੂ ਕੀਤਾ ਸੀ। ਇਸ ਸਮੇਂ ਏਅਰਲਾਈਨ ਦੇ ਬੇੜੇ ਵਿੱਚ 6 ਜਹਾਜ਼ ਹਨ ਅਤੇ ਗੋਆ ਤੇ ਹੈਦਰਾਬਾਦ ਇਸ ਦੇ ਦੋ ਮੁੱਖ ਓਪਰੇਸ਼ਨਲ ਬੇਸ ਹਨ।
2019 ਵਿੱਚ ਪਾਕਿਸਤਾਨ ਦੇ F-16 ਨੂੰ ਬਣਾਇਆ ਸੀ ਨਿਸ਼ਾਨਾ
ਅਭਿਨੰਦਨ ਵਰਧਮਾਨ ਸਾਲ 2019 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਹਵਾਈ ਝੜਪ ਤੋਂ ਬਾਅਦ ਦੁਨੀਆ ਭਰ ਵਿੱਚ ਚਰਚਾ ਵਿੱਚ ਆਏ ਸਨ। ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤੀ ਹਵਾਈ ਸੈਨਾ ਨੇ 26 ਫਰਵਰੀ 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਏਅਰਸਟਰਾਈਕ ਕੀਤੀ ਸੀ। ਇਸ ਤੋਂ ਅਗਲੇ ਦਿਨ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਸੈਨਾ ਨੇ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜ ਦਿੱਤਾ। ਝੜਪ ਦੌਰਾਨ ਅਭਿਨੰਦਨ ਨੇ ਆਪਣੇ MiG-21 ਜਹਾਜ਼ ਤੋਂ ਪਾਕਿਸਤਾਨੀ F-16 ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਇਸ ਕਾਰਵਾਈ ਦੌਰਾਨ ਅਭਿਨੰਦਨ ਦਾ MiG-21 ਵੀ ਕ੍ਰੈਸ਼ ਹੋ ਗਿਆ ਸੀ ਅਤੇ ਉਹ ਪਾਕਿਸਤਾਨੀ ਕਬਜ਼ੇ ਵਿੱਚ ਚਲੇ ਗਏ ਸਨ। ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਕਰੀਬ ਤਿੰਨ ਦਿਨ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।
2021 ਵਿੱਚ ਮਿਲਿਆ ਸੀ ਵੀਰ ਚੱਕਰ
ਅਭਿਨੰਦਨ ਵਰਧਮਾਨ ਨੂੰ ਸਾਲ 2021 ਵਿੱਚ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਵੀਰ ਚੱਕਰ ਜੰਗ ਦੇ ਸਮੇਂ ਦਿੱਤਾ ਜਾਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਉਨ੍ਹਾਂ ਨੂੰ ਡਿਊਟੀ ਪ੍ਰਤੀ ਅਸਾਧਾਰਣ ਸਮਰਪਣ ਅਤੇ ਬਹਾਦਰੀ ਦਿਖਾਉਣ ਲਈ ਇਸ ਸਨਮਾਨ ਨਾਲ ਨਿਵਾਜਿਆ ਗਿਆ ਸੀ।
