ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਮਗਰੋਂ ਅੱਜ ਰਾਬਤ: Petrol-Disesel ਦੇ ਨਵੇਂ ਰੇਟ ਜਾਰੀ, ਜਾਣੋ ਅਪਣੇ ਸ਼ਹਿਰ ਦੇ ਭਾਅ
Petrol Diesel Prices: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਅੱਜ ਜਨਤਾ ਨੂੰ ਮਾਮੂਲੀ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਐਤਵਾਰ (24 ਮਈ) ਲਈ ਜਾਰੀ ਕੀਤੇ ਗਏ ਨਵੇਂ ਰੇਟਾਂ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 91 ਪੈਸੇ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਸੀ, ਜਿਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦਾ ਭਾਅ 110 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ।
ਮਹਿਜ਼ 10 ਦਿਨਾਂ ਵਿੱਚ ₹5 ਤੱਕ ਵਧੀਆਂ ਕੀਮਤਾਂ
ਭਾਰਤੀ ਬਾਜ਼ਾਰ ਵਿੱਚ 15 ਮਈ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤ ਵਿੱਚ ਤੇਲ ਕੰਪਨੀਆਂ ਨੇ ਦੋਵਾਂ ਬਾਲਣਾਂ ਦੀਆਂ ਕੀਮਤਾਂ ਵਿੱਚ ਸਿੱਧਾ 3-3 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਵੀ ਰੇਟ ਵਧਣ ਦਾ ਸਿਲਸਿਲਾ ਜਾਰੀ ਰਿਹਾ। ਨਤੀਜੇ ਵਜੋਂ, ਪਿਛਲੇ ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 5 ਰੁਪਏ ਪ੍ਰਤੀ ਲੀਟਰ ਤੱਕ ਦਾ ਭਾਰੀ ਵਾਧਾ ਦਰਜ ਕੀਤਾ ਜਾ ਚੁੱਕਾ ਹੈ, ਜਿਸ ਨੇ ਆਮ ਆਦਮੀ ਦੀ ਜੇਬ ‘ਤੇ ਬੋਝ ਵਧਾ ਦਿੱਤਾ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਅੱਜ ਦੇ ਰੇਟ (ਰੁਪਏ ਪ੍ਰਤੀ ਲੀਟਰ)
ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵੱਖ-ਵੱਖ ਸ਼ਹਿਰਾਂ ਵਿੱਚ ਤੇਲ ਦੇ ਰੇਟ ਇਸ ਪ੍ਰਕਾਰ ਹਨ:
| ਸ਼ਹਿਰ | ਪੈਟਰੋਲ ਦੀ ਕੀਮਤ (₹) | ਡੀਜ਼ਲ ਦੀ ਕੀਮਤ (₹) |
|---|---|---|
| ਨਵੀਂ ਦਿੱਲੀ | ₹99.51 | ₹92.49 |
| ਨੋਇਡਾ | ₹99.51 | ₹92.84 |
| ਲਖਨਊ | ₹99.28 | ₹92.64 |
| ਪਟਨਾ | ₹110.49 | ₹96.53 |
| ਕੋਲਕਾਤਾ | ₹110.64 | ₹97.02 |
| ਤ੍ਰਿਵੇਂਦਰਮ | ₹112.64 | ₹101.55 |
| ਵਿਸ਼ਾਖਾਪਟਨਮ | ₹113.53 | ₹101.27 |
ਕਿਉਂ ਲੱਗ ਰਹੀ ਹੈ ਤੇਲ ਨੂੰ ਅੱਗ?
ਕੌਮਾਂਤਰੀ ਪੱਧਰ ‘ਤੇ ਚੱਲ ਰਹੀ ਜੰਗ (ਯੁੱਧ) ਕਾਰਨ ਕੱਚੇ ਤੇਲ (Crude Oil) ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਕੱਚਾ ਤੇਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਵਿਕ ਰਿਹਾ ਸੀ, ਜੋ ਹੁਣ ਵਧ ਕੇ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਚੁੱਕਾ ਹੈ। ਕੱਚੇ ਤੇਲ ਦੀਆਂ ਇਨ੍ਹਾਂ ਉੱਚੀਆਂ ਕੀਮਤਾਂ ਕਾਰਨ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਕ ਰਿਪੋਰਟ ਮੁਤਾਬਕ, ਹਾਲੀਆ ਕੀਮਤਾਂ ਵਧਾਉਣ ਤੋਂ ਪਹਿਲਾਂ ਹੀ ਇਨ੍ਹਾਂ ਕੰਪਨੀਆਂ ਨੂੰ ਲਗਭਗ 1,000 ਕਰੋੜ ਰੁਪਏ ਤੱਕ ਦਾ ਘਾਟਾ ਪੈ ਚੁੱਕਾ ਸੀ, ਜਿਸ ਦੀ ਭਰਪਾਈ ਲਈ ਹੁਣ ਘਰੇਲੂ ਬਾਲਣ ਦੇ ਰੇਟ ਵਧਾਏ ਜਾ ਰਹੇ ਹਨ।
ਰਾਹਤ ਦੇਣ ਲਈ ਸਰਕਾਰ ਦੇ ਯਤਨ
ਆਮ ਜਨਤਾ ਨੂੰ ਇਸ ਮਹਿੰਗਾਈ ਦੇ ਸਿੱਧੇ ਅਸਰ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੇ ਪਿਛਲੇ 76 ਦਿਨਾਂ ਤੱਕ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਸੀ ਅਤੇ ਕੋਈ ਵਾਧਾ ਨਹੀਂ ਹੋਣ ਦਿੱਤਾ। ਇਸ ਤੋਂ ਇਲਾਵਾ, ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ (Excise Duty) ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਤਾਂ ਜੋ ਅੰਤਰਰਾਸ਼ਟਰੀ ਬਾਜ਼ਾਰ ਦੀ ਮਾਰ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕੇ।