5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼
- ਮਤਰੇਈ ਮਾਂ ’ਤੇ ਸੋਟੀ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼
- ਜ਼ਖ਼ਮੀ ਹਾਲਤ ’ਚ ਸਕੂਲ ਪਹੁੰਚੇ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ
Allegations of torturing 5-year-old innocent child: ਬਰਨਾਲਾ, (ਧਰਮਿੰਦਰ ਸਿੰਘ ਧਾਲੀਵਾਲ): ਬਰਨਾਲਾ ਦੇ ਪਿੰਡ ਸੰਘੇੜਾ ਵਿਖੇ ਇੱਕ 5 ਸਾਲਾ ਮਾਸੂਮ ਬੱਚੇ ਨਾਲ ਤਸ਼ੱਦਦ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬੱਚੇ ਦੀ ਮਤਰੇਈ ਮਾਂ ਵੱਲੋਂ ਉਸ ਦੇ ਸਰੀਰ ’ਤੇ ਗਰਮ ਤਵਾ ਅਤੇ ਚਿਮਟਾ ਲਗਾ ਕੇ ਤਸ਼ੱਦਦ ਕੀਤਾ ਗਿਆ। ਇਸ ਤੋਂ ਇਲਾਵਾ ਸੋਟੀ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਹਨ।
ਜਾਣਕਾਰੀ ਮੁਤਾਬਕ ਬੱਚੇ ਦੇ ਪਿਤਾ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੇ ਵੱਡੇ ਭਰਾ ਨੂੰ ਆਪਣਾ ਪੁੱਤ ਸੌਂਪ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਤਾਏ ਦੀਆਂ ਪਹਿਲਾਂ ਹੀ ਚਾਰ ਧੀਆਂ ਸਨ, ਜਿਸ ਕਾਰਨ ਪਰਿਵਾਰ ਵੱਲੋਂ ਬੱਚੇ ਨੂੰ ਉਸ ਦੇ ਤਾਏ ਨੂੰ ਦਿੱਤਾ ਗਿਆ ਸੀ।
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜ਼ਖ਼ਮੀ ਹਾਲਤ ਵਿੱਚ ਸਕੂਲ ਪਹੁੰਚੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ‘ਆਪਣਾ ਫਰਜ਼ ਸੇਵਾ ਸੋਸਾਇਟੀ’, ਪਿੰਡ ਲਚਕਾਣੀ, ਪਟਿਆਲਾ ਦੇ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਸੇਵਾ ਸੋਸਾਇਟੀ ਦੀ ਟੀਮ ਵੱਲੋਂ ਬੱਚੇ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਦੀ ਟੀਮ ਵੱਲੋਂ ਬੱਚੇ ਦਾ ਮੈਡੀਕਲ ਵੀ ਕੀਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬੱਚੇ ਨਾਲ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
