ਕੈਪਟਨ ਅਮਰਿੰਦਰ ਦੇ BJP ’ਤੇ ਤੰਜ ਮਗਰੋਂ ਅਮਨ ਅਰੋੜਾ ਦਾ ਜਵਾਬ
- ਵਾਰਿਸ ਪੰਜਾਬ ਦੇ, ਨਸ਼ਾ ਵਿਰੋਧੀ ਯਾਤਰਾ, ED ਅਤੇ ਪਰਾਲੀ ਦੇ ਮੁੱਦੇ ’ਤੇ ਵੀ BJP ਨੂੰ ਘੇਰਿਆ
Aman Arora’s reply following Captain Amarinder’s jibe: ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ BJP ਵਿੱਚ ਰਹਿੰਦਿਆਂ ਪੰਜਾਬ ਦੇ ਮਾਮਲਿਆਂ ’ਤੇ ਸਲਾਹ ਨਾ ਲਏ ਜਾਣ ਸਬੰਧੀ ਦਿੱਤੇ ਬਿਆਨ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ BJP ’ਤੇ ਨਿਸ਼ਾਨਾ ਸਾਧਿਆ। ਕੈਪਟਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ BJP ਵਿੱਚ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਇਆ ਅਤੇ ਪੰਜਾਬ ਸਬੰਧੀ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ।
ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਤਜਰਬੇਕਾਰ ਆਗੂ ਨੂੰ BJP ਨੇ “ਵਿਹਲਾ” ਕਰ ਦਿੱਤਾ ਹੈ। ‘ਵਾਰਿਸ ਪੰਜਾਬ ਦੇ’ ਸਬੰਧੀ ਕੈਪਟਨ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਿਆਸੀ ਪਾਰਟੀ ਬਣਾਉਣ ਦਾ ਅਧਿਕਾਰ ਹੈ।
ਚੋਣ ਕਮਿਸ਼ਨ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ਅਰੋੜਾ ਨੇ BJP ’ਤੇ ਲੋਕਤੰਤਰ ਨੂੰ ਡਿਕਟੇਟਰਸ਼ਿਪ ਵੱਲ ਧੱਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ ਚੋਣ ਕਮਿਸ਼ਨ ਨੇ 23 ਸਤੰਬਰ ਨੂੰ ਕਿਹਾ ਸੀ ਕਿ SIR ਸਮੇਤ ਉਸਦੇ ਸਾਰੇ ਫ਼ੈਸਲੇ ਪੂਰੇ ਕਮਿਸ਼ਨ ਦੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਹਨ।
ਪਰਾਲੀ ਸਾੜਨ ’ਤੇ ਕੇਂਦਰ ਵੱਲੋਂ ਕੀਤੀ ਸਖ਼ਤੀ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਸਿਰਫ਼ ਜੁਰਮਾਨੇ ਵਧਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਅਤੇ ਕਿਸਾਨਾਂ ਨੂੰ ਠੋਸ ਹੱਲ ਦਿੱਤਾ ਜਾਣਾ ਚਾਹੀਦਾ ਹੈ। BJP ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਉਨ੍ਹਾਂ ਚੋਣਾਂ ਤੋਂ ਪਹਿਲਾਂ ਦਾ ਪਬਲਿਕ ਆਊਟਰੀਚ ਪ੍ਰੋਗਰਾਮ ਦੱਸਿਆ। ਇਹ ਯਾਤਰਾ 18 ਤੋਂ 30 ਸਤੰਬਰ ਤੱਕ ਪੰਜਾਬ ਵਿੱਚ ਚੱਲ ਰਹੀ ਹੈ।
ED ਦੀਆਂ ਕਾਰਵਾਈਆਂ ਬਾਰੇ ਅਰੋੜਾ ਨੇ ਦੋਸ਼ ਲਗਾਇਆ ਕਿ ਚੋਣਾਂ ਵਾਲੇ ਸੂਬਿਆਂ ਵਿੱਚ ਕੇਂਦਰੀ ਏਜੰਸੀਆਂ ਨੂੰ ਸਰਗਰਮ ਕੀਤਾ ਜਾਂਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਸਬੰਧੀ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ BJP ਅਜੇ ਪੰਜਾਬ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਆਪਣੇ ਚੋਣ ਅਧਿਕਾਰਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਣ ਦੇਣਗੇ।
