ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫ਼ਲਤਾ, CEIR ਹੈਲਪ ਡੈਸਕ ਰਾਹੀਂ 300 ਗੁੰਮਸ਼ੁਦਾ ਮੋਬਾਈਲ ਫੋਨ ਬਰਾਮਦ
Latest News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਗਰਿਕਾਂ ਲਈ ਵੱਡੀ ਰਾਹਤ ਦੀ ਖ਼ਬਰ ਦਿੰਦਿਆਂ CEIR (Central Equipment Identity Register) ਹੈਲਪ ਡੈਸਕ ਰਾਹੀਂ 300 ਗੁੰਮਸ਼ੁਦਾ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪੇ ਹਨ। ਇਹ ਸਾਰੇ ਮੋਬਾਈਲ ਫੋਨ ਮਿਲਾ ਕੇ ਲਗਭਗ 60 ਲੱਖ ਰੁਪਏ ਦੀ ਕੀਮਤ ਦੇ ਦੱਸੇ ਜਾ ਰਹੇ ਹਨ। ਇਸ ਮੌਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਗੁੰਮ ਹੋਏ ਮੋਬਾਈਲ ਫੋਨ ਵਾਪਸ ਕੀਤੇ ਗਏ।
ਸਮਾਗਮ ਦੌਰਾਨ ਪੂਰੇ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਤੋਂ ਵੀ ਲੋਕ ਆਪਣੇ ਮੋਬਾਈਲ ਫੋਨ ਲੈਣ ਲਈ ਅੰਮ੍ਰਿਤਸਰ ਪਹੁੰਚੇ। ਕਈ ਲੋਕਾਂ ਲਈ ਇਹ ਪਲ ਭਾਵੁਕ ਸਨ ਕਿਉਂਕਿ ਮੋਬਾਈਲ ਫੋਨ ਸਿਰਫ਼ ਇਕ ਡਿਵਾਈਸ ਨਹੀਂ, ਸਗੋਂ ਇਸ ਨਾਲ ਜੁੜੀਆਂ ਯਾਦਾਂ, ਜ਼ਰੂਰੀ ਦਸਤਾਵੇਜ਼ ਅਤੇ ਵਿੱਤੀ ਜਾਣਕਾਰੀਆਂ ਵੀ ਹੁੰਦੀਆਂ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਸੋਹੇਲ ਮੀਰ ਨੇ ਦੱਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਪੁਲਿਸ ਵੱਲੋਂ CEIR ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਮਕਸਦ ਉਹਨਾਂ ਲੋਕਾਂ ਦੀ ਮਦਦ ਕਰਨੀ ਸੀ ਜਿਨ੍ਹਾਂ ਦੇ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਗਏ ਸਨ। ਸਾਈਬਰ ਪੁਲਿਸ ਸਟੇਸ਼ਨ ਦੇ ਤਹਿਤ ਬਣਾਏ ਗਏ ਇਸ ਡੈਸਕ ‘ਤੇ ਰੋਜ਼ਾਨਾ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਨੂੰ ਦੇਖਦਿਆਂ ਪੁਲਿਸ ਨੇ ਇਸਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਅੱਗੇ ਵਧਾਇਆ।
ਐਸਐਸਪੀ ਨੇ ਕਿਹਾ ਕਿ ਤਕਨੀਕੀ ਤੌਰ ‘ਤੇ ਮੋਬਾਈਲ ਫੋਨ ਟ੍ਰੇਸ ਕਰਨਾ ਆਸਾਨ ਨਹੀਂ ਹੁੰਦਾ, ਕਿਉਂਕਿ ਕਈ ਫੋਨ ਹੋਰ ਜ਼ਿਲ੍ਹਿਆਂ ਜਾਂ ਸੂਬਿਆਂ ਵਿੱਚ ਪਹੁੰਚ ਜਾਂਦੇ ਹਨ। ਇਸ ਦੇ ਬਾਵਜੂਦ ਪੁਲਿਸ ਟੀਮ ਨੇ ਬਿਹਤਰ ਕੋਆਰਡੀਨੇਸ਼ਨ ਨਾਲ ਇਹ ਟੀਚਾ ਹਾਸਲ ਕੀਤਾ। ਉਨ੍ਹਾਂ ਨੇ ਹੈਡ ਕਾਂਸਟੇਬਲ ਜਤਿੰਦਰ ਸਿੰਘ ਸਮੇਤ ਪੂਰੀ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ।
ਐਸਐਸਪੀ ਸੋਹੇਲ ਮੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਸਾਂਝ ਕੇਂਦਰ ਜਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਜੋ ਉਸਨੂੰ ਵਾਪਸ ਲੱਭਣ ਵਿੱਚ ਮਦਦ ਮਿਲ ਸਕੇ।