ਪੰਜਾਬ ਕਾਂਗਰਸ ‘ਚ ਫਿਰ ਵੱਡੀ ਖਿੱਚੋਤਾਣ, ਚੰਨੀ ਧੜੇ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਕੀਤਾ ਇਨਕਾਰ
Punjab Congress Crisis; ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਫੁੱਟ ਪੈਣੀ ਤੈਅ ਹੈ। ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਗੁਪਤ ਰੂਪ ਵਿੱਚ ਦਿੱਲੀ ਪਹੁੰਚੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਵੀ ਸਨ।
ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਰੰਧਾਵਾ ਨੇ ਕਿਹਾ, “ਪੰਜਾਬ ਅਤੇ ਕਾਂਗਰਸ ਦੇ ਹਾਲਾਤ ਬਾਰੇ ਚੰਨੀ ਅਤੇ ਰਾਜਾ ਵੜਿੰਗ ਤੋਂ ਪੁੱਛੋ। ਇਸ ਤਰ੍ਹਾਂ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ। ਇਹ ਮੰਦਭਾਗੀ ਗੱਲ ਹੈ ਕਿ ਇੰਨੀਆਂ ਮੀਟਿੰਗਾਂ ਦੇ ਬਾਵਜੂਦ ਇਹ ਸਥਿਤੀ ਪੈਦਾ ਹੋਈ ਹੈ।”
ਇਸ ਦੌਰਾਨ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਜੋ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਨਾ ਕੀਤੇ ਜਾਣ ਤੋਂ ਨਾਰਾਜ਼ ਹਨ, ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਮੋਰਿੰਡਾ ਸਥਿਤ ਆਪਣੇ ਘਰ ‘ਚ ਕਾਂਗਰਸੀ ਆਗੂਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ। ਮੀਟਿੰਗ ਵਿੱਚ ਤਿੰਨ ਮੌਜੂਦਾ ਵਿਧਾਇਕਾਂ ਸਮੇਤ 26 ਆਗੂ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਾਰੇ ਆਗੂ ਅਤੇ ਵਰਕਰ ਚੰਨੀ ਕੋਲ ਆਏ ਸਨ ਅਤੇ ਉਨ੍ਹਾਂ ਨੂੰ ਹਾਈ ਕਮਾਂਡ ਨਾਲ ਗੱਲ ਕਰਨ ਲਈ ਕਿਹਾ ਸੀ। ਉਹ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਦਾ ਹਾਈ ਕਮਾਂਡ ਨਾਲ ਕੋਈ ਝਗੜਾ ਨਹੀਂ ਹੈ। ਜਿਹੜਾ ਫੈਸਲਾ ਲਿਆ ਗਿਆ ਹੈ, ਉਸ ‘ਤੇ ਨਾਰਾਜ਼ਗੀ ਹੈ, ਇਸ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ।
ਕਾਂਗਰਸ ਹਾਈਕਮਾਨ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਹੈ। ਇਸ ਫੈਸਲੇ ਨਾਲ ਆਗੂਆਂ ਵਿੱਚ ਅਸੰਤੁਸ਼ਟੀ ਪੈਦਾ ਹੋ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2027 ਵਿੱਚ ਹੋਣੀਆਂ ਹਨ।
ਮੀਟਿੰਗ ਵਿੱਚ ਪਹੁੰਚੇ ਆਹ ਆਗੂ
ਚੰਨੀ ਦੇ ਸੱਦੇ ‘ਤੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ, ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਘੁਬਾਇਆ, ਤਰਕਬੀਰ ਸਿੰਘ ਬੁਲਾਰੀਆ, ਡੀ.ਸੀ. ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ
ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਕਮਲਜੀਤ ਕਰਵਲ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਦਿਨੇਸ਼ ਬੱਸੀ, ਦਲਬੀਰ ਗੋਲਡੀ, ਸਾਬਕਾ ਵਿਧਾਇਕ ਪਿਰਮਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੰਨੀ ਦੇ ਘਰ ਪੁੱਜੇ।