ਪੰਜਾਬ ਕਾਂਗਰਸ ‘ਚ ਫਿਰ ਕਲੇਸ਼! ਸਾਬਕਾ CM ਚੰਨੀ ਵੱਲੋਂ ਅਸਤੀਫ਼ੇ ਦੀ ਤਿਆਰੀ?
Punjab Congress Crisis; ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ ਦੇ ਸਕਦੇ ਹਨ। ਚੰਨੀ ਗੁੱਟ ਨਾਲ ਜੁੜੇ ਆਗੂਆਂ ਮੁਤਾਬਕ ਉਹ ਜਲਦ ਹੀ 2027 ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਕੈਂਪੇਨ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।
ਇਹ ਹਾਲਾਤ ਦਿੱਲੀ ਵਿੱਚ ਹਾਈਕਮਾਨ ਨਾਲ ਹੋਈ ਦੋ ਦਿਨਾਂ ਦੀ ਮੀਟਿੰਗ ਤੋਂ ਬਾਅਦ ਬਣਦੇ ਦਿਖਾਈ ਦੇ ਰਹੇ ਹਨ।
ਦਿੱਲੀ ਮੀਟਿੰਗ ‘ਚ ਚੰਨੀ ਗੁੱਟ ਨੇ ਚੁੱਕੇ ਸਵਾਲ
ਪਾਰਟੀ ਸੂਤਰਾਂ ਮੁਤਾਬਕ ਕੇਸੀ ਵੇਣੁਗੋਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਚੰਨੀ ਗੁੱਟ ਨੇ ਇੱਕ ਵਾਰ ਫਿਰ ਬਾਗੀ ਰੁਖ ਅਪਣਾਇਆ। ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਕਿਹਾ ਕਿ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ 2027 ਦੀਆਂ ਚੋਣਾਂ ਨਹੀਂ ਜਿੱਤ ਸਕਦੀ।
ਚੰਨੀ ਨੇ ਕਿਹਾ ਕਿ ਜੇਕਰ ਰਾਜਾ ਵੜਿੰਗ ਅਹੁਦੇ ‘ਤੇ ਬਣੇ ਰਹਿੰਦੇ ਹਨ ਤਾਂ ਹਾਰ ਜਾਂ ਜਿੱਤ ਦੀ ਜ਼ਿੰਮੇਵਾਰੀ ਹਾਈਕਮਾਨ ਦੀ ਹੋਵੇਗੀ।
ਵੇਣੁਗੋਪਾਲ ਨੇ ਲਗਾਈ ਆਗੂਆਂ ਨੂੰ ਫਟਕਾਰ
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕਾਂਗਰਸ ਮਹਾਸਚਿਵ ਕੇਸੀ ਵੇਣੁਗੋਪਾਲ ਨੇ ਚੰਨੀ ਸਮੇਤ ਉਨ੍ਹਾਂ ਦੇ ਗੁੱਟ ਦੇ ਆਗੂਆਂ ਨੂੰ ਕਿਹਾ ਕਿ ਪਾਰਟੀ ਨੇ ਤੁਹਾਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ, ਫਿਰ ਵੀ ਤੁਸੀਂ ਇਕੱਠੇ ਚੱਲਣ ਲਈ ਤਿਆਰ ਨਹੀਂ ਹੋ।
ਇਸ ‘ਤੇ ਚੰਨੀ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਉਹ ਕੈਂਪੇਨ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਹਨ।
ਰਾਜਾ ਵੜਿੰਗ ਨੇ ਵੀ ਦਿੱਤਾ ਅਸਤੀਫ਼ੇ ਦਾ ਸੰਕੇਤ
ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਹਿਲਾਂ ਚੁੱਪ ਰਹੇ, ਪਰ ਜਦੋਂ ਚੰਨੀ ਗੁੱਟ ਵੱਲੋਂ ਉਨ੍ਹਾਂ ‘ਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਕਿਹਾ ਕਿ ਜੇਕਰ ਆਗੂਆਂ ਨੂੰ ਉਨ੍ਹਾਂ ਨਾਲ ਸਮੱਸਿਆ ਹੈ ਤਾਂ ਉਹ ਅਸਤੀਫ਼ਾ ਦੇ ਸਕਦੇ ਹਨ।
ਇਸ ‘ਤੇ ਕੇਸੀ ਵੇਣੁਗੋਪਾਲ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਅਤੇ ਉਹ ਹੀ ਪ੍ਰਧਾਨ ਰਹਿਣਗੇ।
ਰੰਧਾਵਾ ਨੂੰ ਵੀ ਦਿੱਤੀ ਗਈ ਨਸੀਹਤ
ਮੀਟਿੰਗ ਦੌਰਾਨ ਕੇਸੀ ਵੇਣੁਗੋਪਾਲ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਪਿਛਲੀ ਮੀਟਿੰਗ ਤੋਂ ਬਾਅਦ ਜਦੋਂ ਮਾਮਲਾ ਠੀਕ ਹੋ ਗਿਆ ਸੀ ਤਾਂ ਫਿਰ ਰਾਜਾ ਵੜਿੰਗ ਖ਼ਿਲਾਫ਼ ਬਿਆਨ ਕਿਉਂ ਦਿੱਤੇ ਗਏ।
ਇਸ ‘ਤੇ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ, ਉਹ ਸੱਚ ਕਿਹਾ ਹੈ।
ਤਲਖੀ ਤੋਂ ਬਾਅਦ ਮੀਟਿੰਗ ਛੱਡ ਕੇ ਗਏ ਆਗੂ
ਸੂਤਰਾਂ ਮੁਤਾਬਕ ਜਦੋਂ ਮੀਟਿੰਗ ਵਿੱਚ ਤਲਖੀ ਵਧੀ ਤਾਂ ਕੇਸੀ ਵੇਣੁਗੋਪਾਲ ਮੀਟਿੰਗ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਤੋਂ ਬਾਹਰ ਆ ਗਏ।
ਚੰਨੀ ਗੁੱਟ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੇ ਹਾਈਕਮਾਨ ਨਾਲ ਹੋਈ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਨਹੀਂ ਕੀਤੀ।
ਹਾਲਾਂਕਿ ਚੰਨੀ ਦੇ ਕਰੀਬੀਆਂ ਨੇ ਉਨ੍ਹਾਂ ਦੇ ਅਸਤੀਫ਼ੇ ਦੀਆਂ ਚਰਚਾਵਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਮੰਨਿਆ ਹੈ ਕਿ ਮੀਟਿੰਗ ਦੌਰਾਨ ਵਿਵਾਦ ਜ਼ਰੂਰ ਹੋਇਆ ਸੀ।
