ਅੰਮ੍ਰਿਤਸਰ ‘ਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਪੁਰਾਣੀ ਦੁਸ਼ਮਣੀ ਕਾਰਨ ਚੱਲੀਆਂ ਗੋਲੀਆਂ
Amritsar News: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਛੇਹਰਟਾ ਦੇ ਨਰਾਇਣਗੜ੍ਹ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਰਾਣੀ ਰੰਜਿਸ਼ ਦੇ ਚਲਦੇ ਦੋ ਨੌਜਵਾਨਾਂ ਵੱਲੋਂ ਇੱਕ ਨੌਜਵਾਨ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿੱਚ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ, ਨਰਾਇਣਗੜ੍ਹ ਇਲਾਕੇ ਵਿੱਚ ਨੌਜਵਾਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਇੱਕ ਕਾਰ ਵਿੱਚ ਸਵਾਰ ਦੋ ਨੌਜਵਾਨ ਮੌਕੇ ’ਤੇ ਪਹੁੰਚੇ ਅਤੇ ਉਸ ਉੱਤੇ ਫਾਇਰਿੰਗ ਕਰ ਦਿੱਤੀ। ਗੋਲੀ ਦੇ ਛਰਰੇ ਨੌਜਵਾਨ ਦੇ ਗਿੱਟੇ ’ਤੇ ਲੱਗੇ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਇਸ ਫਾਇਰਿੰਗ ਦੀ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜਾਂਚ ਦੌਰਾਨ ਦੋ ਖਾਲੀ ਖੋਲ ਬਰਾਮਦ ਕੀਤੇ ਗਏ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪੁੱਤਰ ’ਤੇ ਫਾਇਰਿੰਗ ਹੋ ਚੁੱਕੀ ਹੈ ਅਤੇ ਅੱਜ ਫਿਰ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।
ਉੱਧਰ, ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗਦਾ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।