ਦਿਲਜੀਤ ਦੋਸਾਂਝ ਨੂੰ ‘ਪਟਿਆਲਾ ਪੈੱਗ’ ਤੇ ‘5 ਤਾਰਾ ਠੇਕਾ’ ਨਾ ਗਾਉਣ ਦੀ ਅਪੀਲ, ਡਾ. ਪੰਡਿਤਰਾਓ ਧਰੇਨਵਰ ਨੇ ਲਿਖੀ ਖੁੱਲ੍ਹੀ ਚਿੱਠੀ
Appeal to Diljit Dosanjh not to sing ‘Patiala Peg’: ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 20 ਸਤੰਬਰ ਨੂੰ ਯੂ.ਕੇ. ਦੇ ਮੈਨਚੈਸਟਰ ਵਿੱਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਡਾ. ਪੰਡਿਤਰਾਓ ਧਰੇਨਵਰ ਵੱਲੋਂ ਉਨ੍ਹਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਗਈ ਹੈ। ਚਿੱਠੀ ਵਿੱਚ ਉਨ੍ਹਾਂ ਨੇ ‘ਔਰਾ ਵਰਲਡ ਟੂਰ’ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਅਪੀਲ ਕੀਤੀ ਹੈ।
ਡਾ. ਧਰੇਨਵਰ ਨੇ ਖ਼ਾਸ ਤੌਰ ’ਤੇ ‘ਪਟਿਆਲਾ ਪੈੱਗ’, ‘5 ਤਾਰਾ ਠੇਕਾ’ ਅਤੇ ‘CASE – ਜੇਬ ਵਿੱਚੋਂ ਫੀਮ ਲੱਭੀ ਆ’ ਵਰਗੇ ਗੀਤਾਂ ਨੂੰ ਮੰਚ ’ਤੇ ਨਾ ਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗੀਤ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ (NRI) ਬੱਚਿਆਂ ’ਤੇ ਗਲਤ ਪ੍ਰਭਾਵ ਪਾ ਸਕਦੇ ਹਨ।
ਚਿੱਠੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਹਿਲਾਂ ਅਜਿਹੇ ਗੀਤਾਂ ਸਬੰਧੀ ਪ੍ਰਗਟ ਕੀਤੀ ਗਈ ਚਿੰਤਾ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਚੱਲ ਰਹੇ ‘ਨਸ਼ਾ ਮੁਕਤ ਭਾਰਤ ਅਭਿਆਨ’ ਅਤੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਜ਼ਿਕਰ ਕੀਤਾ ਗਿਆ ਹੈ।
ਡਾ. ਧਰੇਨਵਰ ਨੇ ਕਿਹਾ ਕਿ ਅਜਿਹੇ ਸਮੇਂ ਮੰਚ ਤੋਂ ਨਸ਼ਿਆਂ ਨਾਲ ਸਬੰਧਤ ਗੀਤ ਪੇਸ਼ ਕਰਨ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾ ਸਕਦਾ ਹੈ। ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੀਤ ਖੁਦ ਮੰਚ ’ਤੇ ਨਾ ਗਾਉਣ। ਇਸ ਤੋਂ ਇਲਾਵਾ ਚਿੱਠੀ ਵਿੱਚ ਡਿਜੀਟਲ ਪਲੇਟਫਾਰਮਾਂ ਤੋਂ ਵੀ ਅਜਿਹੇ ਗੀਤ ਹਟਾਉਣ ਦੀ ਪਹਿਲ ਕਰਨ ਅਤੇ ਇਸ ਸਬੰਧੀ ਜਨਤਕ ਤੌਰ ’ਤੇ ਐਲਾਨ ਕਰਨ ਦੀ ਅਪੀਲ ਕੀਤੀ ਗਈ ਹੈ।
