MP ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਮਾਮਲੇ ’ਚ ਅੱਜ ਅਦਾਲਤ ’ਚ ਦਾਇਰ ਕੀਤੀ ਜਾਵੇਗੀ ਅਰਜ਼ੀ
- ਵਕੀਲ ਪੇਸ਼ ਕਰਨਗੇ Amendment Application
ਅੰਮ੍ਰਿਤਸਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਸਬੰਧੀ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ। ਉਨ੍ਹਾਂ ਦੇ ਵਕੀਲ ਅੱਜ 16 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਸੋਧ ਅਰਜ਼ੀ (Amendment Application) ਦਾਇਰ ਕਰਨਗੇ। ਮਿਲੀ ਜਾਣਕਾਰੀ ਅਨੁਸਾਰ, ਇਹ ਅਰਜ਼ੀ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਨਾਲ ਜੁੜੇ ਮਾਮਲੇ ਵਿੱਚ ਦਾਇਰ ਕੀਤੀ ਜਾਵੇਗੀ। ਇਸ ਰਾਹੀਂ ਵਕੀਲ ਅਦਾਲਤ ਦੇ ਸਾਹਮਣੇ ਜ਼ਮਾਨਤ ਪਟੀਸ਼ਨ ਵਿੱਚ ਲੋੜੀਂਦੀਆਂ ਤਬਦੀਲੀਆਂ ਜਾਂ ਸੋਧਾਂ ਕਰਨ ਦੀ ਮੰਗ ਰੱਖਣਗੇ।
ਇਸ ਅਰਜ਼ੀ ਰਾਹੀਂ ਜ਼ਮਾਨਤ ਪਟੀਸ਼ਨ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਅਦਾਲਤ ਤੋਂ ਮਨਜ਼ੂਰੀ ਮੰਗੀ ਜਾਵੇਗੀ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਅਦਾਲਤੀ ਫੈਸਲੇ ਅਤੇ ਹੁਕਮਾਂ ਅਨੁਸਾਰ ਅੱਗੇ ਵਧੇਗੀ। ਫਿਲਹਾਲ ਅੱਜ ਦਾਇਰ ਹੋਣ ਵਾਲੀ ਸੋਧ ਅਰਜ਼ੀ ਨੂੰ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਪ੍ਰਕਿਰਿਆ ਵਿੱਚ ਅਗਲਾ ਕਦਮ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ। ਅਦਾਲਤ ਵੱਲੋਂ ਇੱਕ ਦਿਨ ਦੀ ਕਸਟਡੀਅਲ ਪੈਰੋਲ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਹੁਕਮਾਂ ’ਤੇ ਸਮੇਂ ਸਿਰ ਅਮਲ ਨਾ ਹੋਣ ਕਾਰਨ ਜ਼ਮਾਨਤ ਮਿਲਣ ‘ਚ ਅੜਚਨ ਪੈਦਾ ਹੋਈ ਅਤੇ ਜਿਸ ਕਾਰਨ ਪਰਿਵਾਰ ਨੂੰ ਸਸਕਾਰ ਦੀ ਤਰੀਕ ਅੱਗੇ ਪਾਉਣੀ ਪਈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਕਰਮਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਕਾਰਵਾਈ ’ਤੇ ਸਵਾਲ ਚੁੱਕੇ। ਉਨ੍ਹਾਂ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇ ਹੁਕਮ ਲਾਗੂ ਨਾ ਕਰਨ ਪਿੱਛੇ ਛੋਟੇ ਨੋਟਿਸ ਦਾ ਹਵਾਲਾ ਦਿੱਤਾ ਹੈ। ਵਕੀਲ ਨੇ ਪੰਜਾਬ ਸਰਕਾਰ ’ਤੇ ਵੀ ਮਾਮਲੇ ਨੂੰ ਜਾਣਬੁੱਝ ਕੇ ਲਟਕਾਉਣ ਦੇ ਦੋਸ਼ ਲਾਏ।
ਉਨ੍ਹਾਂ ਦੱਸਿਆ ਕਿ ਪੈਰੋਲ ਲਈ ਨਵੀਆਂ ਤਰੀਕਾਂ ਤੈਅ ਕਰਵਾਉਣ ਵਾਸਤੇ ਦਾਇਰ ਕੀਤੀ ਗਈ ਸੋਧ ਅਰਜ਼ੀ ਮਨਜ਼ੂਰ ਨਹੀਂ ਹੋ ਸਕੀ। ਹੁਣ ਇਸ ਮਾਮਲੇ ’ਤੇ ਅੱਜ ਸੋਮਵਾਰ ਨੂੰ ਅਦਾਲਤ ਵਿੱਚ ਸੁਣਵਾਈ ਹੋਵੇਗੀ। ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਦੇ ਪਹੁੰਚਣ ਦੀ ਉਡੀਕ ਵਿੱਚ ਅੰਤਿਮ ਸਸਕਾਰ ਮੁਲਤਵੀ ਕਰ ਦਿੱਤਾ ਹੈ। ਅਦਾਲਤ ਵੱਲੋਂ ਜ਼ਮਾਨਤ ਦੇ ਫੈਸਲੇ ਤੋਂ ਬਾਅਦ ਹੀ ਪਰਿਵਾਰ ਵੱਲੋਂ ਤੈਅ ਕੀਤਾ ਜਾਵੇਗਾ ਕਿ ਸਸਕਾਰ ਕਦੋਂ ਕੀਤਾ ਜਾਵੇਗਾ।