ਹਥਿਆਰਾਂ ਦੀ ਤਸਕਰੀ ਦਾ ਨੈੱਟਵਰਕ ਬੇਨਕਾਬ, AK-47 ਤੇ 2 ਹੈਂਡ ਗ੍ਰਨੇਡ ਬਰਾਮਦ
- ਇੱਕ ਮੁਲਜ਼ਮ ਗ੍ਰਿਫ਼ਤਾਰ; ਵਿਦੇਸ਼ੀ ਤਸਕਰਾਂ ਨਾਲ ਕਥਿਤ ਸਬੰਧਾਂ ਦੀ ਜਾਂਚ ਜਾਰੀ
Arms smuggling network busted: ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਇੱਕ AK-47 ਰਾਈਫ਼ਲ, ਇੱਕ ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।
ਮੁੱਢਲੀ ਜਾਂਚ ਮੁਤਾਬਕ, ਮੁਲਜ਼ਮ ਦੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਕਥਿਤ ਸਬੰਧ ਹਨ ਅਤੇ ਉਹ ਗੈਰ-ਕਾਨੂੰਨੀ ਹਥਿਆਰ ਹਾਸਲ ਕਰਨ ਵਿੱਚ ਸ਼ਾਮਲ ਸੀ।
ਇਸ ਮਾਮਲੇ ਵਿੱਚ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਨੈੱਟਵਰਕ ਦੇ ਹੋਰ ਮੈਂਬਰਾਂ ਅਤੇ ਮੁਲਜ਼ਮ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ।
