ਅਰਸ਼ਦੀਪ ਸਿੰਘ ਨੇ ਰਿਸ਼ਤੇ ‘ਤੇ ਲਾਈ ਮੋਹਰ, ਸਮਰੀਨ ਕੌਰ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
Arshdeep Singh & Samreen Kaur Relationship; ਭਾਰਤੀ ਕ੍ਰਿਕਟਰ ਅਤੇ ਪੰਜਾਬ ਦੇ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪੰਜਾਬੀ ਮਾਡਲ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਸਿਰਫ਼ “My Person” ਲਿਖਿਆ, ਜਿਸ ਨੂੰ ਦੋਵਾਂ ਦੇ ਰਿਸ਼ਤੇ ਦੀ ਅਧਿਕਾਰਕ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ।
ਅਰਸ਼ਦੀਪ ਦੀ ਇਸ ਪੋਸਟ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸਮੇਤ ਕਈ ਸੈਲੀਬ੍ਰਿਟੀਆਂ ਨੇ ਇਸ ਪੋਸਟ ਨੂੰ ਪਸੰਦ ਕੀਤਾ, ਜਦਕਿ ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਜਾਣੋ ਕਿਵੇਂ ਸ਼ੁਰੂ ਹੋਈ ਦੋਵਾਂ ਦੇ ਰਿਸ਼ਤੇ ਦੀ ਚਰਚਾ
ਸਨੈਪਚੈਟ ਦੀ ਤਸਵੀਰ ਤੋਂ ਸ਼ੁਰੂ ਹੋਈਆਂ ਅਟਕਲਾਂ
ਅਪ੍ਰੈਲ 2026 ਦੀ ਸ਼ੁਰੂਆਤ ਵਿੱਚ ਅਰਸ਼ਦੀਪ ਸਿੰਘ ਨੇ ਆਪਣੇ ਸਨੈਪਚੈਟ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਵਿੱਚ ਉਹ ਇੱਕ ਲੜਕੀ ਦਾ ਹੱਥ ਫੜੇ ਹੋਏ ਨਜ਼ਰ ਆਏ, ਹਾਲਾਂਕਿ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ। ਪ੍ਰਸ਼ੰਸਕਾਂ ਨੇ ਲੜਕੀ ਦੇ ਹੱਥ ‘ਤੇ ਬਣੇ ਟੈਟੂ ਅਤੇ ਨੇਲ ਆਰਟ ਨੂੰ ਨੋਟਿਸ ਕੀਤਾ ਅਤੇ ਉਸ ਦੀ ਤੁਲਨਾ ਸਮਰੀਨ ਕੌਰ ਦੀਆਂ ਤਸਵੀਰਾਂ ਨਾਲ ਕੀਤੀ। ਟੈਟੂ ਮਿਲਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਦੀਆਂ ਚਰਚਾਵਾਂ ਤੇਜ਼ ਹੋ ਗਈਆਂ।
IPL ਦੌਰਾਨ ਅਰਸ਼ਦੀਪ ਨੂੰ ਕਰਦੀ ਰਹੀ ਸਪੋਰਟ
ਆਈਪੀਐਲ 2026 ਦੌਰਾਨ ਸਮਰੀਨ ਕੌਰ ਕਈ ਵਾਰ ਪੰਜਾਬ ਕਿੰਗਜ਼ (PBKS) ਦੇ ਮੈਚਾਂ ਵਿੱਚ ਨਜ਼ਰ ਆਈ। ਉਹ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵੇਂਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਵੀਆਈਪੀ ਸਟੈਂਡ ਵਿੱਚ ਬੈਠ ਕੇ ਅਰਸ਼ਦੀਪ ਦਾ ਹੌਸਲਾ ਵਧਾਉਂਦੀ ਦਿਖਾਈ ਦਿੱਤੀ। ਇਸ ਦੌਰਾਨ ਚੰਡੀਗੜ੍ਹ ਹਵਾਈ ਅੱਡੇ ‘ਤੇ ਵੀ ਦੋਵਾਂ ਨੂੰ ਇਕੱਠੇ ਹੱਥ ਫੜੇ ਦੇਖਿਆ ਗਿਆ, ਜਿਸ ਨਾਲ ਰਿਸ਼ਤੇ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ।
ਧਰਮਸ਼ਾਲਾ ਵਿੱਚ ਇਕੱਠੇ ਘੁੰਮਦੇ ਆਏ ਨਜ਼ਰ
ਮਈ ਮਹੀਨੇ ਵਿੱਚ ਦੋਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ। ਵੀਡੀਓ ਵਿੱਚ ਅਰਸ਼ਦੀਪ ਅਤੇ ਸਮਰੀਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੀਆਂ ਸੜਕਾਂ ਅਤੇ ਸਥਾਨਕ ਬਾਜ਼ਾਰ ਵਿੱਚ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਨਜ਼ਰ ਆਏ। ਇਸੇ ਸਮੇਂ ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਵੀ ਇਕੱਠੇ ਦੇਖਿਆ ਗਿਆ, ਜਿੱਥੇ ਉਹ ਯਾਤਰਾ ਲਈ ਪਹੁੰਚੇ ਸਨ। ਹਾਲਾਂਕਿ, ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਰਿਸ਼ਤੇ ਬਾਰੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ।
ਗੁਰਦੁਆਰੇ ਇਕੱਠੇ ਪਹੁੰਚੇ, ਫਿਰ ਉੱਡੀਆਂ ਬ੍ਰੇਕਅੱਪ ਦੀਆਂ ਅਫਵਾਹਾਂ
ਜੂਨ ਮਹੀਨੇ ਵਿੱਚ ਅਰਸ਼ਦੀਪ ਅਤੇ ਸਮਰੀਨ ਪੰਜਾਬ ਦੇ ਇੱਕ ਪ੍ਰਸਿੱਧ ਗੁਰਦੁਆਰੇ ਵਿੱਚ ਇਕੱਠੇ ਮੱਥਾ ਟੇਕਣ ਪਹੁੰਚੇ। ਇਸ ਤੋਂ ਕੁਝ ਦਿਨ ਬਾਅਦ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲ ਗਈ ਕਿ ਦੋਵਾਂ ਨੇ ਇੰਸਟਾਗ੍ਰਾਮ ‘ਤੇ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਬਾਅਦ ਵਿੱਚ ਇਹ ਸਿਰਫ਼ ਅਫਵਾਹ ਜਾਂ ਤਕਨੀਕੀ ਗੜਬੜ ਸਾਬਤ ਹੋਈ ਅਤੇ ਦੋਵਾਂ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ। ਹੁਣ ਅਰਸ਼ਦੀਪ ਦੀ ਨਵੀਂ ਇੰਸਟਾਗ੍ਰਾਮ ਪੋਸਟ ਨੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਾ ਦਿੱਤਾ ਹੈ।
