ਕੈਮਿਸਟ ਅਸ਼ਵਨੀ ਨੇ ਪੁੱਛਗਿੱਛ ਦੌਰਾਨ ਦੱਸਿਆ ‘ਪਰਵਿੰਦਰ ਝੋਟੇ ਦੇ ਕਤਲ’ ਦਾ ਅਸਲ ਕਾਰਨ !
Ashwani revealed reason ‘murder of Parvinder Jhota’: ਮਾਨਸਾ: ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿੱਚ ਨਵੇਂ ਖੁਲਾਸੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ, ਮਾਨਸਾ ਦੇ ਕੈਮਿਸਟ ਅਸ਼ਵਨੀ ਕੁਮਾਰ ਨੇ ਆਪਣੀ ਪਤਨੀ ਨੀਲਮ ਗਰਗ ਨੂੰ ਫ਼ੋਨ ’ਤੇ ਕਿਹਾ ਸੀ, “ਇਸ ਨੇ ਮੈਨੂੰ ਬਹੁਤ ਤੰਗ ਕਰ ਰੱਖਿਆ ਹੈ। ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ, ਅੱਜ ਇਸ ਨੂੰ ਜਾਨੋਂ ਮਾਰ ਦਿਆਂਗਾ।” ਇਸ ਤੋਂ ਬਾਅਦ ਉਸ ਨੇ ਪਰਵਿੰਦਰ ਝੋਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਿਸ ਪੁੱਛਗਿੱਛ ਦੌਰਾਨ ਅਸ਼ਵਨੀ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੇ ਹਥਿਆਰ ਦਾ ਲਾਇਸੈਂਸ ਮਿਲਣ ਤੋਂ ਬਾਅਦ ਪਿਸਤੌਲ ਖ਼ਰੀਦੀ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਝੋਟੇ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਉਹ ਕਥਿਤ ਤੌਰ ’ਤੇ ਪਿਸਤੌਲ ਹਰ ਸਮੇਂ ਆਪਣੇ ਕੋਲ ਰੱਖਦਾ ਸੀ ਅਤੇ ਰਾਤ ਨੂੰ ਵੀ ਇਸ ਨੂੰ ਸਿਰਹਾਣੇ ਕੋਲ ਰੱਖ ਕੇ ਸੌਂਦਾ ਸੀ।
ਪਹਿਲੀ ਗੋਲੀ ਤੋਂ ਬਾਅਦ ਵੀ ਚਲਾਈਆਂ ਗੋਲੀਆਂ
ਜਾਣਕਾਰੀ ਮੁਤਾਬਕ, ਪਹਿਲੀ ਗੋਲੀ ਲੱਗਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਮੌਤ ਨਹੀਂ ਹੋਈ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਦੇ ਨੇੜੇ ਜਾ ਕੇ ਪੇਟ ਵਿੱਚ ਮੁੜ ਗੋਲੀਆਂ ਮਾਰੀਆਂ। ਗੰਭੀਰ ਸੱਟਾਂ ਕਾਰਨ ਝੋਟੇ ਦਾ ਲਿਵਰ ਫਟ ਗਿਆ ਅਤੇ ਉਸ ਦੀ ਮੌਤ ਹੋ ਗਈ।
ਜੁਲਾਈ 2023 ਤੋਂ ਚੱਲ ਰਿਹਾ ਸੀ ਵਿਵਾਦ
ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਅਸ਼ਵਨੀ ਨੇ ਦੱਸਿਆ ਕਿ ਪਰਵਿੰਦਰ ਝੋਟੇ ਨਾਲ ਉਸ ਦਾ ਵਿਵਾਦ ਜੁਲਾਈ 2023 ਵਿੱਚ ਸ਼ੁਰੂ ਹੋਇਆ ਸੀ। ਉਸ ਦਾ ਦੋਸ਼ ਸੀ ਕਿ ਝੋਟੇ ਨੇ ਉਸ ’ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਸਨ ਅਤੇ ਉਸ ਦੇ ਗਲ ਵਿੱਚ ਜੁੱਤੀਆਂ ਦੀ ਮਾਲਾ ਪਾ ਕੇ ਪੂਰੇ ਬਾਜ਼ਾਰ ਵਿੱਚ ਘੁਮਾਇਆ ਸੀ।
ਅਸ਼ਵਨੀ ਨੇ ਕਥਿਤ ਤੌਰ ’ਤੇ ਕਿਹਾ ਕਿ ਇਸ ਘਟਨਾ ਕਾਰਨ ਉਸ ਨੂੰ ਬੇਇੱਜ਼ਤੀ ਮਹਿਸੂਸ ਹੋਈ ਅਤੇ ਉਸ ਦੀ ਮਾਨਸਿਕ ਹਾਲਤ ਵੀ ਪ੍ਰਭਾਵਿਤ ਹੋਈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਦਵਾਈਆਂ ਲੈਣੀਆਂ ਪਈਆਂ ਅਤੇ ਉਸ ਨੇ ਕਈ ਵਾਰ ਇਸ ਘਟਨਾ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਵੀ ਝੋਟਾ ਉਸ ਦੀ ਦੁਕਾਨ ’ਤੇ ਆਉਂਦਾ ਸੀ ਤਾਂ ਉਸ ਨੂੰ ਪੁਰਾਣੀ ਘਟਨਾ ਯਾਦ ਆ ਜਾਂਦੀ ਸੀ।
ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ, ਅਸ਼ਵਨੀ ਆਪਣੀ ਪਤਨੀ ਨੂੰ ਵੀ ਕਹਿੰਦਾ ਰਹਿੰਦਾ ਸੀ ਕਿ ਉਹ ਝੋਟੇ ਤੋਂ ਹੋਈ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵੇਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
