ਸੜਕ ਹਾਦਸੇ ‘ਚ ਜ਼ਖਮੀ ASI ਦੀ ਮੌਤ, ਭਲਕੇ ਹੋਵੇਗਾ ਅੰਤਿਮ ਸਸਕਾਰ
Amritsar ASI Pawan Kumar Sharma Accident; ਅੰਮ੍ਰਿਤਸਰ ‘ਚ ਸਕੂਟੀ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋਏ ਪੰਜਾਬ ਪੁਲਿਸ ਦੇ ASI ਪਵਨ ਕੁਮਾਰ ਸ਼ਰਮਾ ਦੀ ਮੌਤ ਹੋ ਗਈ ਹੈ। ਉਹ ਪਿਛਲੇ 12 ਦਿਨਾਂ ਤੋਂ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ। ਹਾਦਸੇ ਦੌਰਾਨ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਹ ਬੋਲਣ ਦੀ ਹਾਲਤ ‘ਚ ਵੀ ਨਹੀਂ ਸਨ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
ਪੁਲਿਸ PRO ਰਾਜੀਵ ਸ਼ਰਮਾ ਨੇ ASI ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ ਸਵੇਰੇ ਕੀਤਾ ਜਾਵੇਗਾ।
ਡਿਊਟੀ ਦੌਰਾਨ ਵਾਪਰਿਆ ਸੀ ਹਾਦਸਾ
ASI ਪਵਨ ਕੁਮਾਰ ਸ਼ਰਮਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਲਾਰੈਂਸ ਰੋਡ ‘ਤੇ ਟ੍ਰੈਫਿਕ ਪੁਲਿਸ ‘ਚ ਤਾਇਨਾਤ ਸਨ। 30 ਅਗਸਤ ਨੂੰ ਦੁਪਹਿਰ ਕਰੀਬ 1:45 ਵਜੇ ਉਹ ਸੈਲੀਬ੍ਰੇਸ਼ਨ ਰੋਡ ਨੇੜੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਡਿਊਟੀ ‘ਤੇ ਸਨ।
ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਸਕੂਟੀ ਨੂੰ ਰੋਕਣ ਲਈ ਉਨ੍ਹਾਂ ਨੇ ਹੱਥ ਦਾ ਇਸ਼ਾਰਾ ਕੀਤਾ। ਜਦੋਂ ਸਕੂਟੀ ਸਵਾਰ ਨਹੀਂ ਰੁਕਿਆ ਤਾਂ ASI ਸੜਕ ਦੇ ਵਿਚਕਾਰ ਤੱਕ ਪਹੁੰਚ ਗਏ।
ਇਸੇ ਦੌਰਾਨ ਪਿੱਛੇ ਤੋਂ ਆ ਰਹੀ ਦੂਜੀ ਸਕੂਟੀ, ਜਿਸ ‘ਤੇ ਦੋ ਨੌਜਵਾਨ ਸਵਾਰ ਸਨ, ASI ਨੂੰ ਨਹੀਂ ਦੇਖ ਸਕੀ ਅਤੇ ਉਨ੍ਹਾਂ ਨਾਲ ਟਕਰਾ ਗਈ। ਟੱਕਰ ਕਾਰਨ ASI ਅਤੇ ਦੋਵੇਂ ਸਕੂਟੀ ਸਵਾਰ ਸੜਕ ‘ਤੇ ਡਿੱਗ ਗਏ।
CCTV ‘ਚ ਕੈਦ ਹੋਈ ਪੂਰੀ ਘਟਨਾ
ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਸੀ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ASI ਪਵਨ ਕੁਮਾਰ ਇੱਕ ਸਕੂਟੀ ਨੂੰ ਰੋਕਣ ਲਈ ਸੜਕ ਦੇ ਵਿਚਕਾਰ ਜਾਂਦੇ ਹਨ।
ਪਹਿਲੀ ਸਕੂਟੀ ਨਾ ਰੁਕਦੇ ਹੋਏ ਅੱਗੇ ਨਿਕਲ ਜਾਂਦੀ ਹੈ, ਇਸੇ ਦੌਰਾਨ ਪਿੱਛੇ ਤੋਂ ਆ ਰਹੀ ਦੂਜੀ ਸਕੂਟੀ ASI ਨਾਲ ਟਕਰਾ ਜਾਂਦੀ ਹੈ।
ਟੱਕਰ ਤੋਂ ਬਾਅਦ ASI ਸੜਕ ‘ਤੇ ਡਿੱਗ ਜਾਂਦੇ ਹਨ, ਜਦਕਿ ਸਕੂਟੀ ਸਵਾਰ ਨੌਜਵਾਨ ਖੁਦ ਉੱਠ ਕੇ ਆਪਣੀ ਸਕੂਟੀ ਲੈ ਕੇ ਚਲੇ ਜਾਂਦੇ ਹਨ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ASI ਨੂੰ ਸਟ੍ਰੈਚਰ ਰਾਹੀਂ ਹਸਪਤਾਲ ਪਹੁੰਚਾਇਆ ਸੀ।
ਪੁਲਿਸ ਕਰ ਰਹੀ ਸੀ ਸਕੂਟੀ ਸਵਾਰਾਂ ਦੀ ਭਾਲ
ਹਾਦਸੇ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ SHO ਮੋਹਿਤ ਕੁਮਾਰ ਨੇ ਦੱਸਿਆ ਸੀ ਕਿ ਪੁਲਿਸ ਸਕੂਟੀ ਸਵਾਰਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ਼ੁਰੂਆਤ ‘ਚ ਕਾਰ ਨਾਲ ਟੱਕਰ ਦੀ ਜਾਣਕਾਰੀ ਸਾਹਮਣੇ ਆਈ ਸੀ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਹਾਦਸਾ ਐਕਟਿਵਾ ਸਕੂਟੀ ਨਾਲ ਹੋਇਆ ਸੀ। ਪੁਲਿਸ ਹੁਣ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
