ਨਕਲੀ ਨਿਹੰਗ ਸਿੰਘਾਂ ਵਲੋਂ ਹਮਲਾ: ਨੌਜਵਾਨ ਜ਼ਖ਼ਮੀ, ਪਿੰਡ ਨਿੱਕੂਵਾਲ ‘ਚ ਦਹਿਸ਼ਤ ਦਾ ਮਾਹੌਲ
ਪਿੰਡ ਲੋਹਰ ਝਿੰਜੜੀ ਦੇ ਨੌਜਵਾਨ ‘ਤੇ ਰਾਤ 11 ਵਜੇ ਨੰਗੀਆਂ ਕਿਰਪਾਨਾਂ ਨਾਲ ਹਮਲਾ, ਪੀਜੀਆਈ ‘ਚ ਦਾਖਲ
Fake Nihang Attack On Youth: ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨਿੱਕੂਵਾਲ ‘ਚ ਬੀਤੀ ਰਾਤ ਇਕ ਨੌਜਵਾਨ ‘ਤੇ ਚਾਰ ਅਣਜਾਣ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਜੋ ਨਿਹੰਗ ਸਿੰਘਾਂ ਦੇ ਬਾਣੇ ‘ਚ ਸਨ। ਹਮਲਾ ਕਰਦੇ ਸਮੇਂ ਉਨ੍ਹਾਂ ਕੋਲ ਨੰਗੀਆਂ ਕਿਰਪਾਨਾਂ ਸਨ ਅਤੇ ਹਮਲੇ ਦੌਰਾਨ ਪੀੜਤ ਨੌਜਵਾਨ ਦੀ ਬਾਹ ਵੱਡ ਦਿੱਤੀ ਗਈ। ਹਾਲੇ ਉਹ ਪੀਜੀਆਈ ‘ਚ ਇਲਾਜ ਅਧੀਨ ਹੈ।
ਘਟਨਾ ਦੇ ਮੁੱਖ ਬਿੰਦੂ:
- ਹਮਲਾ ਰਾਤ 11 ਵਜੇ ਹੋਇਆ, ਜਦੋਂ ਪੀੜਤ ਨੌਜਵਾਨ ਆਪਣੇ ਪਿੰਡ ਤੋਂ ਨਿੱਕੂਵਾਲ ਸੜਕ ਰਾਹੀਂ ਜਾ ਰਿਹਾ ਸੀ।
- ਹਮਲਾਵਰ ਨੀਲੇ ਨਿਹੰਗ ਬਾਣੇ ‘ਚ ਸਨ ਪਰ ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਕੱਪੜੇ ਹੋਰ ਥਾਂ ਰੱਖੇ ਹੋਏ ਸਨ।
- ਪਿੰਡ ਵਾਸੀਆਂ ਨੇ ਹੌਂਸਲਾ ਦਿਖਾਉਂਦੇ ਹੋਏ 1.5 ਕਿਲੋਮੀਟਰ ਤੱਕ ਪਿੱਛਾ ਕਰਕੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ।
- ਹਮਲਾਵਰਾਂ ਦੀ ਵੀਡੀਓ ਅਤੇ ਮੋਬਾਈਲ ਨੰਬਰ ਵੀ ਮੌਕੇ ਤੋਂ ਮਿਲੇ ਹਨ, ਜੋ ਹੁਣ ਪੁਲਿਸ ਜਾਂਚ ਵਿੱਚ ਸ਼ਾਮਿਲ ਹਨ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ, ਲੋਕਾਂ ‘ਚ ਗੁੱਸਾ
ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ। ਲੋਕਾਂ ਵੱਲੋਂ ਨਕਲੀ ਨਿਹੰਗ ਸਿੰਘਾਂ ਵਲੋਂ ਕੀਤੇ ਜਾ ਰਹੇ ਗੈਰਕਾਨੂੰਨੀ ਕੰਮਾਂ ‘ਤੇ ਕੜੀ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਨਸ਼ਿਆਂ, ਲੁੱਟਾਂ ਅਤੇ ਹਮਲਿਆਂ ਵਿੱਚ ਲਿਪਤ ਹਨ ਅਤੇ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਦੀ ਬਦਨਾਮੀ ਕਰ ਰਹੇ ਹਨ।
ਸ੍ਰੋਮਣੀ ਕਮੇਟੀ ਅਤੇ ਪੁਲਿਸ ਉੱਤੇ ਉਠੇ ਸਵਾਲ
ਪਿੰਡ ਵਾਸੀਆਂ ਦਾ ਗੁੱਸਾ ਸਿਰਫ ਹਮਲਾਵਰਾਂ ਉੱਤੇ ਹੀ ਨਹੀਂ, ਸਗੋਂ ਸ੍ਰੋਮਣੀ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਹੈ। ਲੋਕਾਂ ਦਾ ਦੋਸ਼ ਹੈ ਕਿ ਕਮੇਟੀ ਸਿਰਫ ਗੋਲਕਾਂ ਗਿਣਨ ਤੱਕ ਸੀਮਿਤ ਹੈ ਤੇ ਜਥੇਬੰਦੀਆਂ ‘ਤੇ ਕੋਈ ਨਿਗਰਾਨੀ ਨਹੀਂ।
ਪੰਚਾਇਤਾਂ ਨੇ ਪੁਲਿਸ ਥਾਣੇ ‘ਚ ਦਿੱਤਾ ਮੋਰਚਾ
ਪਿੰਡ ਝਿੰਜੜੀ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਥਾਣੇ ਪਹੁੰਚ ਕੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਵੱਡਾ ਰੋਸ ਪਰਗਟ ਕੀਤਾ ਜਾਵੇਗਾ।