ਫਲਾਈਟ ਹਾਈਜੈਕ ਦੀ ਕੋਸ਼ਿਸ਼: ਭਾਰਤੀ ਪਾਇਲਟ ਨੇ ਹਮਲਾਵਰ ਦਾ ਕੀਤਾ ਮੁਕਾਬਲਾ, 180 ਤੋਂ ਵੱਧ ਯਾਤਰੀਆਂ ਦੀ ਬਚਾਈ ਜਾਨ
Dubai to Tel Aviv flight hijacking case; ਤਾਜ਼ਾ ਜਾਣਕਾਰੀ ਮੁਤਾਬਕ ਦੁਬਈ ਤੋਂ ਇਜ਼ਰਾਈਲ ਜਾ ਰਹੀ ਫਲਾਈਦੁਬਈ ਫਲਾਈਟ ਦੇ ਕੈਪਟਨ ਭਾਰਤੀ ਨਾਗਰਿਕ ਸਨ। ਰਿਪੋਰਟਾਂ ਅਨੁਸਾਰ ਕੋ-ਪਾਇਲਟ ਵੱਲੋਂ ਕਥਿਤ ਤੌਰ ’ਤੇ ਹਾਈਜੈਕ ਦੀ ਕੋਸ਼ਿਸ਼ ਦੌਰਾਨ ਕੈਪਟਨ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਪਰ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਮਲਾਵਰ ਦਾ ਮੁਕਾਬਲਾ ਕੀਤਾ ਅਤੇ ਜਹਾਜ਼ ਨੂੰ ਹਾਦਸੇ ਤੋਂ ਬਚਾਇਆ।
ਇਜ਼ਰਾਈਲ ਦੇ YNet News ਅਤੇ Channel 12 ਦੀਆਂ ਰਿਪੋਰਟਾਂ ਮੁਤਾਬਕ, ਇਸ ਘਟਨਾ ਤੋਂ ਬਾਅਦ ਡਿਊਟੀ ’ਤੇ ਨਾ ਹੋਣ ਵਾਲੇ ਦੋ ਪਾਇਲਟ, ਜੋ ਯਾਤਰੀਆਂ ਵਜੋਂ ਜਹਾਜ਼ ਵਿੱਚ ਮੌਜੂਦ ਸਨ, ਨੇ ਜਹਾਜ਼ ਨੂੰ ਸਾਊਦੀ ਅਰਬ ਵਿੱਚ ਸੁਰੱਖਿਅਤ ਲੈਂਡ ਕਰਵਾਇਆ।
ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ 180 ਤੋਂ ਵੱਧ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 27 ਬੱਚੇ ਵੀ ਸ਼ਾਮਲ ਸਨ। ਹਾਲਾਂਕਿ ਘਟਨਾ ਸਬੰਧੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।
ਕਾਕਪਿਟ ਵਿੱਚ ਹੋਇਆ ਸੰਘਰਸ਼
ਸ਼ੁਰੂਆਤੀ ਜਾਣਕਾਰੀ ਅਨੁਸਾਰ ਓਮਾਨੀ ਕੋ-ਪਾਇਲਟ ’ਤੇ ਦੋਸ਼ ਹੈ ਕਿ ਉਸ ਨੇ ਕਾਕਪਿਟ ਵਿੱਚ ਕੈਪਟਨ ’ਤੇ ਚਾਕੂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਸੰਘਰਸ਼ ਹੋਇਆ। ਯਾਤਰੀਆਂ ਮੁਤਾਬਕ ਉਨ੍ਹਾਂ ਨੇ ਕਾਕਪਿਟ ਤੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ।
ਇੱਕ ਯਾਤਰੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੇ ਸਾਊਦੀ ਅਰਬ ਤੋਂ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇੱਕ ਯਾਤਰੀ ਕਾਕਪਿਟ ਵਿੱਚ ਗਈ ਤਾਂ ਉੱਥੇ ਕਾਫ਼ੀ ਖੂਨ ਦੇਖਿਆ ਗਿਆ ਅਤੇ ਫਿਰ ਹੋਰ ਲੋਕਾਂ ਨੇ ਮਿਲ ਕੇ ਹਮਲਾਵਰ ਨੂੰ ਕਾਬੂ ਕੀਤਾ।
ਸਾਊਦੀ ਅਰਬ ਵਿੱਚ ਹੋਈ ਐਮਰਜੈਂਸੀ ਲੈਂਡਿੰਗ
ਘਟਨਾ ਤੋਂ ਬਾਅਦ ਫਲਾਈਟ ਨੂੰ ਸਾਊਦੀ ਅਰਬ ਦੇ ਤਬੁਕ ਵਿੱਚ ਐਮਰਜੈਂਸੀ ਲੈਂਡ ਕਰਵਾਇਆ ਗਿਆ। ਇੱਕ ਇਜ਼ਰਾਈਲੀ ਯਾਤਰੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਜਹਾਜ਼ ਵਿੱਚ ਹਾਈਜੈਕ ਵਰਗੀ ਸਥਿਤੀ ਬਣ ਗਈ ਸੀ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ।
ਵੀਡੀਓ ਵਿੱਚ ਯਾਤਰੀ ਨੇ ਕਿਹਾ ਕਿ ਉਹ ਸਾਊਦੀ ਅਰਬ ਦੇ ਤਬੁਕ ਵਿੱਚ ਲੈਂਡ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਮਦਦ ਦੀ ਲੋੜ ਹੈ।
ਸੁਰੱਖਿਆ ਜਾਂਚ ’ਤੇ ਵੀ ਸਵਾਲ
ਰਿਪੋਰਟਾਂ ਮੁਤਾਬਕ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਥਿਤ ਹਮਲਾਵਰ ਕੋ-ਪਾਇਲਟ ਨੂੰ ਇਜ਼ਰਾਈਲ ਜਾਣ ਵਾਲੀ ਉਡਾਣ ’ਤੇ ਕੰਮ ਕਰਨ ਦੀ ਇਜਾਜ਼ਤ ਕਿਵੇਂ ਮਿਲੀ। ਇਜ਼ਰਾਈਲ ਜਾਣ ਵਾਲੀਆਂ ਉਡਾਣਾਂ ਵਿੱਚ ਵਿਦੇਸ਼ੀ ਕ੍ਰੂ ਮੈਂਬਰਾਂ ਦੀ ਸਖ਼ਤ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ।
ਇਜ਼ਰਾਈਲੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਗੰਭੀਰ ਦੱਸਿਆ ਹੈ। ਕੁਝ ਰਿਪੋਰਟਾਂ ਵਿੱਚ ਇਸ ਨੂੰ ਵੱਡੇ ਹਮਲੇ ਦੀ ਕੋਸ਼ਿਸ਼ ਨਾਲ ਜੋੜਿਆ ਗਿਆ ਹੈ, ਹਾਲਾਂਕਿ ਜਾਂਚ ਏਜੰਸੀਆਂ ਵੱਲੋਂ ਅਧਿਕਾਰਤ ਜਾਣਕਾਰੀ ਆਉਣੀ ਬਾਕੀ ਹੈ।
