11ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸਕੂਲ ਪ੍ਰਸਾਸ਼ਨ ਤੇ ਪਰਿਵਾਰ ਨੇ ਲਗਾਏ ਗੰਭੀਰ ਦੋਸ਼
Amritsar Student Suicide; ਅੰਮ੍ਰਿਤਸਰ ਦੇ ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ ਐਮੀਨੈਂਸ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਕੋਮਲ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਹਿਪਾਠੀਆਂ ਵਿੱਚ ਰੋਸ ਫੈਲ ਗਿਆ। ਗੁੱਸੇ ਵਿੱਚ ਆਏ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਸਕੂਲ ਦੇ ਮੁੱਖ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ।
ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਪਰਿਵਾਰ ਨੇ ਸਕੂਲ ਸਟਾਫ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਭੈਣ ਲਕਸ਼ਮੀ ਨੇ ਦੋ ਮਹਿਲਾ ਅਧਿਆਪਕਾਂ ’ਤੇ ਗੰਭੀਰ ਦੋਸ਼ ਲਗਾਏ ਹਨ।
ਲਕਸ਼ਮੀ ਦਾ ਦੋਸ਼ ਹੈ ਕਿ ਦੋ ਮਹਿਲਾ ਅਧਿਆਪਕਾਂ ਉਸ ਦੀਆਂ ਸਹੇਲੀਆਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀਆਂ ਸਨ। ਉਨ੍ਹਾਂ ਵੱਲੋਂ ਵਿਦਿਆਰਥਣਾਂ ਦੇ ਚਰਿੱਤਰ ’ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ।
ਪਰਿਵਾਰ ਮੁਤਾਬਕ ਕੋਮਲ ਨੂੰ NCC ਗਤੀਵਿਧੀਆਂ ਤੋਂ ਵੀ ਹਟਾ ਦਿੱਤਾ ਗਿਆ ਸੀ। ਉਸ ਨੂੰ ਇੱਕ ਮਹੀਨੇ ਲਈ ਸਕੂਲ ਤੋਂ ਕੱਢਣ ਦੀ ਧਮਕੀ ਦੇ ਕੇ ਬਾਹਰ ਕਰ ਦਿੱਤਾ ਗਿਆ ਸੀ। ਕੋਮਲ ਦੀ ਸਹੇਲੀ ਮੀਨਾਕਸ਼ੀ ਨੇ ਦੱਸਿਆ ਕਿ ਅਧਿਆਪਕਾਂ ਦੇ ਅਪਮਾਨਜਨਕ ਸ਼ਬਦਾਂ ਕਾਰਨ ਕੋਮਲ ਦਾ ਪੰਜਾਬ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਟੁੱਟ ਗਿਆ ਸੀ।
ਪਰਿਵਾਰ ਦਾ ਦੋਸ਼- ਸਕੂਲ ਪ੍ਰਬੰਧਨ ਤੇ ਪੁਲਿਸ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ
ਪ੍ਰਦਰਸ਼ਨ ਕਰ ਰਹੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀ ਅਧਿਆਪਕਾਂ ਅਤੇ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ, ਉਹ ਸਕੂਲ ਦੇ ਬਾਹਰੋਂ ਨਹੀਂ ਹਟਣਗੇ। ਲੋੜ ਪੈਣ ’ਤੇ ਮੁੱਖ ਸੜਕ ਜਾਮ ਕਰਨ ਦੀ ਵੀ ਗੱਲ ਕਹੀ ਗਈ ਹੈ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਮੌਕੇ ’ਤੇ ਪਹੁੰਚੇ ਥਾਣਾ ਪ੍ਰਭਾਰੀ (SHO) ਨਵਦੀਪ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਪੁਲਿਸ ਨੇ ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਪ੍ਰਿੰਸੀਪਲ ਨਾਲ ਵੀ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
