ਔਰਤ ਨਾਲ ਲੁੱਟ ਦੀ ਕੋਸ਼ਿਸ਼, 30 ਮੀਟਰ ਤੱਕ ਘਸੀਟਿਆ, ਪਰ ਬੈਗ ਨਹੀਂ ਛੱਡਿਆ
Attempted robbery of a woman: ਸੰਗਰੂਰ: ਪਿੰਡ ਮਹਲਾਂ ਦੇ ਚੌਕ ਨੇੜੇ ਦਿਨ-ਦਿਹਾੜੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਬਾਈਕ ਸਵਾਰ ਦੋ ਲੁਟੇਰਿਆਂ ਨੇ ਰਸਤੇ ਵਿੱਚ ਇੱਕ ਔਰਤ ਨੂੰ ਘੇਰ ਕੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਬੈਗ ਨਹੀਂ ਛੱਡਿਆ, ਜਿਸ ਕਾਰਨ ਮੁਲਜ਼ਮ ਉਸ ਨੂੰ ਕਰੀਬ 30 ਮੀਟਰ ਤੱਕ ਘਸੀਟਦੇ ਲੈ ਗਏ।
ਪੀੜਤਾ ਦੀ ਪਛਾਣ ਸਤਿੰਦਰ ਰਾਣੀ ਵਜੋਂ ਹੋਈ ਹੈ। ਉਸ ਦੇ ਪਤੀ ਕੇਵਲ ਸਿੰਘ ਨੇ ਦੱਸਿਆ ਕਿ ਸਤਿੰਦਰ ਰਾਣੀ ਐੱਸਬੀਆਈ ਦੇ ਕਸਟਮਰ ਸਰਵਿਸ ਪੁਆਇੰਟ ’ਤੇ ਡਿਊਟੀ ਕਰਦੀ ਹੈ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਪੈਦਲ ਬੈਂਕ ਵੱਲ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ ’ਤੇ ਝਪਟਾ ਮਾਰ ਕੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।
ਅਚਾਨਕ ਹੋਏ ਹਮਲੇ ਕਾਰਨ ਸਤਿੰਦਰ ਸੜਕ ’ਤੇ ਡਿੱਗ ਗਈ, ਪਰ ਉਸ ਨੇ ਬੈਗ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ। ਇਸ ਤੋਂ ਬਾਅਦ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਜ਼ਬਰਦਸਤੀ ਬੈਗ ਖੋਹਣ ਲੱਗਾ। ਔਰਤ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮ ਉਸ ਨੂੰ ਬਾਈਕ ਨਾਲ ਕਰੀਬ 30 ਮੀਟਰ ਤੱਕ ਘਸੀਟਦੇ ਲੈ ਗਏ।
ਸਤਿੰਦਰ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚੇ ਤਾਂ ਮੁਲਜ਼ਮ ਬਾਈਕ ਸਮੇਤ ਫਰਾਰ ਹੋ ਗਏ। ਇਸ ਘਟਨਾ ਵਿੱਚ ਸਤਿੰਦਰ ਰਾਣੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
