ਬਟਾਲਾ ‘ਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਤਾਬੜਤੋੜ ਫਾਇਰਿੰਗ, ਜਵਾਬੀ ਕਾਰਵਾਈ ‘ਚ ਗੈਂਗਸਟਰ ਕਰਨ ਜ਼ਖਮੀ
ਬਟਾਲਾ: ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਅਤੇ ਇੱਕ ਨਾਮੀ ਗੈਂਗਸਟਰ ਵਿਚਕਾਰ ਸਿੱਧੀ ਮੁੱਠਭੇੜ (Encounter) ਹੋ ਗਈ। ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਮਨੇਸ ਨਹਿਰ ਦੇ ਨਜ਼ਦੀਕ ਹੋਈ ਇਸ ਜ਼ਬਰਦਸਤ ਫਾਇਰਿੰਗ ਦੌਰਾਨ ਪੁਲਿਸ ਦੀ ਜਵਾਬੀ ਗੋਲੀ ਲੱਗਣ ਕਾਰਨ ਗੈਂਗਸਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਖਮੀ ਹੋਏ ਗੈਂਗਸਟਰ ਦੀ ਪਛਾਣ ਬਲਦੇਵ ਸਿੰਘ ਉਰਫ਼ ਕਰਨ ਪੁੱਤਰ ਚਾਂਦ ਸਿੰਘ, ਵਾਸੀ ਖਜਾਲਾ (ਥਾਣਾ ਘੁਮਾਣ) ਵਜੋਂ ਹੋਈ ਹੈ।
10 ਲੱਖ ਦੀ ਫਿਰੌਤੀ ਅਤੇ ਗੋਲੀਬਾਰੀ ਨਾਲ ਜੁੜਿਆ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, ਪਿਛਲੇ ਦਿਨੀਂ ਬਟਾਲਾ ਵਿਖੇ ਇੱਕ ਗਾਰਮੈਂਟਸ (ਕੱਪੜਿਆਂ ਦੀ) ਦੁਕਾਨ ਦੇ ਮਾਲਕ ਕੋਲੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਦੋਂ ਦੁਕਾਨਦਾਰ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਉਸ ਦੀ ਦੁਕਾਨ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਸਨ। ਬਟਾਲਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਸੀ।
ਹਥਿਆਰ ਬਰਾਮਦਗੀ ਦੌਰਾਨ ਇੰਝ ਸ਼ੁਰੂ ਹੋਈ ਮੁੱਠਭੇੜ
ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਬੀਤੇ ਕੱਲ੍ਹ ਹੀ ਇਸ ਮਾਮਲੇ ਦੇ ਮੁੱਖ ਮੁਲਜ਼ਮ ਬਲਦੇਵ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਨਹਿਰ ਦੇ ਕੋਲ ਛੁਪਾਇਆ ਹੋਇਆ ਹੈ।

ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ ਫੋਰਸ, SSP ਮਹਿਤਾਬ ਸਿੰਘ ਨੇ ਲਿਆ ਜਾਇਜ਼ਾ
ਇਸ ਮੁੁੱਠਭੇੜ ਦੀ ਖ਼ਬਰ ਮਿਲਦਿਆਂ ਹੀ ਬਟਾਲਾ ਦੇ ਐਸ.ਐਸ.ਪੀ. (SSP) ਮਹਿਤਾਬ ਸਿੰਘ ਖ਼ੁਦ ਭਾਰੀ ਪੁਲਿਸ ਫੋਰਸ, ਸੀ.ਆਈ.ਏ. ਸਟਾਫ਼ ਅਤੇ ਥਾਣਾ ਘੁਮਾਣ ਸਮੇਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਮੁਤਾਬਕ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ।