ਚੰਡੀਗੜ੍ਹ ’ਚ ਅੱਜ ਤੋਂ ‘ਭਾਰਤ ਟੈਕਸੀ’ ਹੋਵੇਗੀ ਸ਼ੁਰੂ, ਪੜ੍ਹੋ ਕਿੰਨਾ ਹੋਵੇਗਾ ਕਿਰਾਇਆ
‘Bharat Taxi’ to launch in Chandigarh: ਚੰਡੀਗੜ੍ਹ: ਸ਼ਹਿਰ ਵਿੱਚ ਅੱਜ ਤੋਂ ‘ਭਾਰਤ ਟੈਕਸੀ’ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਸਹਿਕਾਰਤਾ ਵਿਭਾਗ ਦੀ ਇਸ ਪਹਿਲ ਦਾ ਉਦਘਾਟਨ ਸ਼ਾਮ 4 ਵਜੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਇਸ ਮੌਕੇ ਕੇਂਦਰੀ ਸਹਿਕਾਰਤਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੀ ਮੌਜੂਦ ਰਹਿਣਗੇ। ‘ਭਾਰਤ ਟੈਕਸੀ’ ਨੂੰ ਸਹਿਕਾਰੀ ਮਾਡਲ ’ਤੇ ਚਲਾਉਣ ਦੀ ਯੋਜਨਾ ਹੈ, ਜਿਸ ਵਿੱਚ ਡਰਾਈਵਰਾਂ ਨੂੰ ਸਿਰਫ਼ ਕਰਮਚਾਰੀ ਦੀ ਬਜਾਏ ਪਲੇਟਫਾਰਮ ਵਿੱਚ ਹਿੱਸੇਦਾਰ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਮਾਡਲ ਤਹਿਤ ਟੈਕਸੀ ਸੇਵਾ ਨੂੰ ਵਧੇਰੇ ਕਿਫਾਇਤੀ ਅਤੇ ਭਰੋਸੇਯੋਗ ਬਣਾਉਣ ਦਾ ਉਦੇਸ਼ ਹੈ।
ਇਸ ਦੀ ਲਾਂਚਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਸ਼ਹਿਰ ਵਿੱਚ ਓਲਾ, ਉਬਰ ਅਤੇ ਇਨਡਰਾਈਵ ਦੀਆਂ ਸੇਵਾਵਾਂ ਦੇ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤੇ ਸਨ।
ਪੀਕ ਆਵਰ ਵਿੱਚ ਕਿਰਾਇਆ ਵਧਣ ਤੋਂ ਰਾਹਤ
‘ਭਾਰਤ ਟੈਕਸੀ’ ਵਿੱਚ ਕਿਰਾਇਆ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਓਲਾ ਅਤੇ ਉਬਰ ਵਰਗੀਆਂ ਐਪ ਆਧਾਰਿਤ ਸੇਵਾਵਾਂ ਵਿੱਚ ਪੀਕ ਆਵਰ ਦੌਰਾਨ ਕਿਰਾਏ ਵਿੱਚ ਅਚਾਨਕ ਵਾਧਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਦੇ ਉਲਟ ‘ਭਾਰਤ ਟੈਕਸੀ’ ਵਿੱਚ ਨਿਰਧਾਰਤ ਕਿਰਾਏ ਦੇ ਮਾਡਲ ’ਤੇ ਸੇਵਾ ਦੇਣ ਦੀ ਯੋਜਨਾ ਹੈ।
ਇਹ ਹੋਵੇਗਾ ਕਿਰਾਇਆ
ਪਹਿਲੇ 4 ਕਿਲੋਮੀਟਰ: 30 ਰੁਪਏ
4 ਤੋਂ 12 ਕਿਲੋਮੀਟਰ: 23 ਰੁਪਏ ਪ੍ਰਤੀ ਕਿਲੋਮੀਟਰ
12 ਕਿਲੋਮੀਟਰ ਤੋਂ ਬਾਅਦ: 18 ਰੁਪਏ ਪ੍ਰਤੀ ਕਿਲੋਮੀਟਰ
ਚੰਡੀਗੜ੍ਹ ਤੋਂ ਇਲਾਵਾ ਮੋਹਾਲੀ-ਪੰਚਕੂਲਾ ਵਿੱਚ ਵੀ ਸੇਵਾ
ਟੈਕਸੀ ਦੀ ਬੁਕਿੰਗ ਮੋਬਾਈਲ ਐਪ ਜਾਂ ਫੋਨ ਕਾਲ ਰਾਹੀਂ ਕੀਤੀ ਜਾ ਸਕੇਗੀ। ਚੰਡੀਗੜ੍ਹ ਦੇ ਸੈਕਟਰਾਂ ਤੋਂ ਇਲਾਵਾ ਸੁਖਨਾ ਝੀਲ, ਰੌਕ ਗਾਰਡਨ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ਲਈ ਵੀ ਸੇਵਾ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਮੋਹਾਲੀ ਅਤੇ ਪੰਚਕੂਲਾ ਵਿੱਚ ਵੀ ਟੈਕਸੀ ਸੇਵਾ ਦਿੱਤੀ ਜਾਵੇਗੀ।
ਆਊਟਸਟੇਸ਼ਨ ਸਫ਼ਰ ਲਈ ਸ਼ਿਮਲਾ, ਕਸੌਲੀ, ਮਨਾਲੀ, ਦਿੱਲੀ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਲਈ ਵੀ ਟੈਕਸੀ ਉਪਲਬਧ ਹੋਵੇਗੀ। ਯਾਤਰੀਆਂ ਲਈ ਹੈਚਬੈਕ, ਸੈਡਾਨ ਅਤੇ SUV ਗੱਡੀਆਂ ਦੇ ਵਿਕਲਪ ਰੱਖੇ ਗਏ ਹਨ।
ਬੁਕਿੰਗ ਨੰਬਰ: 9696000999, 7607003240
