ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਐਕਸ਼ਨ, ਪੰਜਾਬੀ ਵਿਦਿਆਰਥੀ ਡਿਪੋਰਟ
Canada Deports Student Linked To Kapil Sharma Cafe Firing; ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਈ ਗੋਲੀਬਾਰੀ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਕਥਿਤ ਤੌਰ ‘ਤੇ ਜੁੜੇ ਪੰਜਾਬੀ ਮੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। 11 ਜੁਲਾਈ ਨੂੰ ਜਾਰੀ ਇਹ ਹੁਕਮ ਕੈਨੇਡਾ ਪੁਲਿਸ ਨੇ 29 ਜੁਲਾਈ ਨੂੰ ਜਨਤਕ ਕੀਤੇ।
ਪੁਲਿਸ ਮੁਤਾਬਕ ਜਸ਼ਨਦੀਪ ਸਿੰਘ ਸਾਲ 2022 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਸ ‘ਤੇ 19 ਮਈ 2025 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ (Surrey) ਵਿੱਚ ਸਥਿਤ ਕਪਿਲ ਸ਼ਰਮਾ ਦੇ Caps Café ‘ਤੇ ਹੋਈ ਗੋਲੀਬਾਰੀ ਤੋਂ ਬਾਅਦ ਵਰਤੇ ਗਏ ਹਥਿਆਰਾਂ ਨੂੰ ਲੁਕਾਉਣ ਦੇ ਦੋਸ਼ ਹਨ।
ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਜਸ਼ਨਦੀਪ ਨੂੰ ਲਾਰੈਂਸ ਗੈਂਗ ਨਾਲ ਸਬੰਧਾਂ ਦੇ ਆਧਾਰ ‘ਤੇ ਕੈਨੇਡਾ ਵਿੱਚ ਰਹਿਣ ਲਈ ਅਯੋਗ ਕਰਾਰ ਦਿੰਦਿਆਂ ਉਸ ਨੂੰ ਡਿਪੋਰਟ ਕਰਨ ਦੇ ਹੁਕਮ ਦਿੱਤੇ। ਪੁੱਛਗਿੱਛ ਦੌਰਾਨ ਜਸ਼ਨਦੀਪ ਨੇ ਕਥਿਤ ਤੌਰ ‘ਤੇ ਮੰਨਿਆ ਕਿ ਉਸ ਦੇ ਪਿਤਾ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਉਸ ਤੋਂ ਗਲਤੀ ਹੋ ਗਈ।
ਮੋਬਾਈਲ ਵੀਡੀਓ ਬਣਿਆ ਅਹਿਮ ਸਬੂਤ
ਐਡਮੰਟਨ ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੇ ਮੋਬਾਈਲ ਫੋਨ ਵਿੱਚ ਮਿਲੀ ਇੱਕ ਵੀਡੀਓ ਰਾਹੀਂ ਜਸ਼ਨਦੀਪ ਦੀ ਪਛਾਣ ਹੋਈ। ਵੀਡੀਓ ਵਿੱਚ ਉਹ ਇੱਕ ਹੈਂਡਗਨ ਫੜ੍ਹਿਆ ਹੋਇਆ ਨਜ਼ਰ ਆ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹੋ ਹਥਿਆਰ ਸਰੀ ਵਿੱਚ ਹੋਈ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ।
ਵੀਡੀਓ ਵਿੱਚ ਜਸ਼ਨਦੀਪ ਇੱਕ ਵਿਅਕਤੀ ਦੇ ਸਿਰ ‘ਤੇ ਪਿਸਤੌਲ ਤਾਣਦਾ ਵੀ ਦਿਖਾਈ ਦਿੱਤਾ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਵਾਰਦਾਤ ਤੋਂ ਬਾਅਦ ਉਸ ਨੇ ਸਬੂਤ ਮਿਟਾਉਣ ਲਈ ਹਥਿਆਰ ਲੁਕਾ ਦਿੱਤਾ ਸੀ। ਬਾਅਦ ਵਿੱਚ ਉਸ ਦੇ ਟਿਕਾਣੇ ਤੋਂ ਇੱਕ ਹੋਰ ਹਥਿਆਰ ਵੀ ਬਰਾਮਦ ਕੀਤਾ ਗਿਆ।
ਦੋਸ਼ਾਂ ਤੋਂ ਕੀਤਾ ਇਨਕਾਰ
ਟਰਿਬਿਊਨਲ ਅੱਗੇ ਜਸ਼ਨਦੀਪ ਸਿੰਘ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਮੰਨਣ ਤੋਂ ਇਨਕਾਰ ਕੀਤਾ। ਉਸ ਨੇ ਦਲੀਲ ਦਿੱਤੀ ਕਿ ਵਾਇਰਲ ਵੀਡੀਓ ਉਸ ਦੇ ਦੋਸਤ ਅਰਸ਼ਦੀਪ ਸਿੰਘ ਦੀ ਜਨਮਦਿਨ ਪਾਰਟੀ ਦੀ ਸੀ ਅਤੇ ਉਹ ਉਸ ਸਮੇਂ ਨਸ਼ੇ ਦੀ ਹਾਲਤ ਵਿੱਚ ਸੀ। ਉਸ ਨੇ ਕਿਹਾ ਕਿ ਉਸ ਨੇ ਮਜ਼ਾਕ ਵਿੱਚ ਬੰਦੂਕ ਫੜ੍ਹੀ ਸੀ।
ਹਾਲਾਂਕਿ, ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਉਸ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਹਨ ਅਤੇ ਉਹ ਭਰੋਸੇਯੋਗ ਗਵਾਹ ਨਹੀਂ ਹੈ।
‘ਆਪਰੇਸ਼ਨ ਹਾਰਡ ਬਾਲ’ ਤੋਂ ਬਾਅਦ ਸਖ਼ਤ ਕਾਰਵਾਈ
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਮਰੀਕਾ, ਕੈਨੇਡਾ ਅਤੇ ਯੂਰਪੀ ਏਜੰਸੀਆਂ ਵੱਲੋਂ ਸਾਂਝੇ ਤੌਰ ‘ਤੇ ਚਲਾਏ ਗਏ ‘ਆਪਰੇਸ਼ਨ ਹਾਰਡ ਬਾਲ’ ਤਹਿਤ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਰੰਗਦਾਰੀ, ਸੁਪਾਰੀ ਕਤਲ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਗੰਭੀਰ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਗੈਂਗ ਕੈਨੇਡਾ ਵਿੱਚ ਵਿਦਿਆਰਥੀਆਂ ਅਤੇ ਵਰਕ ਪਰਮਿਟ ਧਾਰਕਾਂ ਦੀ ਵਰਤੋਂ ਕਰਕੇ ਧਮਕੀਆਂ, ਗੋਲੀਬਾਰੀ ਅਤੇ ਅੱਗਜ਼ਨੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨੈੱਟਵਰਕ ਚਲਾ ਰਿਹਾ ਸੀ। ਫਿਲਹਾਲ ਲਾਰੈਂਸ ਬਿਸ਼ਨੋਈ ਭਾਰਤ ਦੀ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ, ਜਦਕਿ ਗੋਲਡੀ ਬਰਾੜ ਵਿਦੇਸ਼ ਵਿੱਚ ਫਰਾਰ ਦੱਸਿਆ ਜਾਂਦਾ ਹੈ।
