CBI ਦਾ ਪੰਜਾਬ ‘ਚ ਵੱਡਾ ਐਕਸ਼ਨ, OSD ਰਾਜਵੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ ਦਰਜ
ਨਾਭਾ: ਭ੍ਰਿਸ਼ਟਾਚਾਰ ਦੇ ਮਾਮਲੇ ‘ਚ CBI ਦਾ ਪੰਜਾਬ ‘ਚ ਵੱਡਾ ਐਕਸ਼ਨ ਸਾਹਮਣੇ ਆਇਆ ਹੈ। CBI ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਘੁੰਮਣ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਈ ਟਿਕਾਣਿਆਂ ‘ਤੇ CBI ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਵੀ ਜਾਣਕਾਰੀ ਮਿਲ ਰਹੀ ਹੈ।
ਇਸੇ ਕੜੀ ਤਹਿਤ ਨਾਭਾ ਦੇ ਹੀਰਾ ਮਹਿਲ ਇਲਾਕੇ ਵਿੱਚ ਰਾਜਵੀਰ ਘੁੰਮਣ ਦੇ ਕਰੀਬੀ ਸਾਥੀ ਮੰਨੇ ਜਾ ਰਹੇ ਨਿਤਿਨ ਗੌਹਲ ਅਤੇ ਜਤਿਨ ਗੌਹਲ ਦੇ ਘਰ ‘ਤੇ ਵੀ CBI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਘਰ ‘ਤੇ CBI ਦੀ ਕਾਰਵਾਈ ਫਿਲਹਾਲ ਜਾਰੀ ਹੈ।
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਘੁੰਮਣ ਦੇ ਨਾਭਾ ਦੇ ਨੇੜਲੇ ਕਿਸੇ ਪਿੰਡ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਹੋਣ ਬਾਰੇ CBI ਨੂੰ ਇਨਪੁਟ ਮਿਲਿਆ ਹੈ। ਹਾਲਾਂਕਿ, ਇਸ ਜਾਣਕਾਰੀ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਤੋਂ CBI ਨੇ ਕੀਤਾ ਇਨਕਾਰ
ਮੌਕੇ ‘ਤੇ ਮੌਜੂਦ CBI ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਨਿਤਿਨ ਗੌਹਲ ਅਤੇ ਜਤਿਨ ਗੌਹਲ ਛਾਪੇਮਾਰੀ ਦੌਰਾਨ ਆਪਣੇ ਨਾਭਾ ਸਥਿਤ ਘਰ ਵਿੱਚ ਮੌਜੂਦ ਹਨ ਜਾਂ ਨਹੀਂ।
CBI ਦੀ ਇਸ ਕਾਰਵਾਈ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਮਾਮਲੇ ਨਾਲ ਜੁੜੇ ਹੋਰ ਤੱਥ ਅਤੇ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਸਬੰਧੀ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
