ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਡਰੋਨ ਰਾਹੀਂ ਆਏ 6 ਹਥਿਆਰਾਂ ਸਮੇਤ 3 ਆਰੋਪੀ ਗ੍ਰਿਫ਼ਤਾਰ
Amritsar drone weapons module busted; ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਜਿਸ ਦੌਰਾਨ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਦੇ ਮੋਡਿਊਲ ਨੂੰ ਬੇਨਕਾਬ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕਈ ਪਿਸਤੌਲ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੀ ਕਾਰਵਾਈ ਸੀਐਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੀ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਭੇਜੇ ਜਾਂਦੇ ਸਨ ਅਤੇ ਸੋਸ਼ਲ ਮੀਡੀਆ ਐਪਸ ਜਿਵੇਂ ਵਟਸਐਪ ਰਾਹੀਂ ਇਨ੍ਹਾਂ ਦੀ ਡਿਲਿਵਰੀ ਲਈ ਲੋਕਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਸਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਮੰਗਲ ਸਿੰਘ ਮੰਗਾ (30 ਸਾਲ), ਪ੍ਰਣਵ ਸ਼ਰਮਾ ਉਰਫ਼ ਲੱਡੂ (24 ਸਾਲ) ਅਤੇ ਗੌਰਵ ਰਾਣਾ (25 ਸਾਲ) ਸ਼ਾਮਲ ਹਨ। ਪੁਲਿਸ ਅਨੁਸਾਰ, ਇਨ੍ਹਾਂ ਵਿੱਚੋਂ ਦੋ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ, ਜਦਕਿ ਗੌਰਵ ਰਾਣਾ ਖਿਲਾਫ ਕਈ ਸੰਗੀਨ ਮੁਕੱਦਮੇ ਦਰਜ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਪੈਸਿਆਂ ਦੇ ਲਾਲਚ ਵਿੱਚ ਆ ਕੇ ਡਰੋਨ ਡਰਾਪ ਵਾਲੇ ਹਥਿਆਰ ਚੁੱਕਦੇ ਸਨ ਅਤੇ ਅੱਗੇ ਗੈਂਗਸਟਰਾਂ ਜਾਂ ਟੈਰਰ ਮੋਡਿਊਲ ਨੂੰ ਸਪਲਾਈ ਕਰਦੇ ਸਨ। ਇਹ ਸਾਰਾ ਨੈੱਟਵਰਕ ਵਿਦੇਸ਼ ਬੈਠੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਲਿੰਕ ਵੀ ਸਾਹਮਣੇ ਆ ਰਹੇ ਹਨ ਅਤੇ ਪੁਲਿਸ ਵੱਲੋਂ ਫਾਇਨੈਂਸ਼ਲ ਟਰੇਲ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।