ਗੁਰੂ ਰਾਮਦਾਸ ਜੀ ਦੇ ਦਰ ’ਤੇ ਹੋਏ ਨਤਮਸਤਕ ਹੋਈ ਗਨੀਵ ਕੌਰ, ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੀਤੀ ਗਈ ਅਰਦਾਸ
Amritsar News: ਗਨੀਵ ਕੌਰ ਨੇ ਬਿਕਰਮ ਸਿੰਘ ਜੀ ਦੀ ਚੜਦੀ ਕਲਾ, ਪਰਿਵਾਰ ਦੀ ਤੰਦਰੁਸਤੀ ਅਤੇ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਲਈ ਅਖੰਡ ਪਾਠ ਸ਼ੁਰੂ ਕਰਵਾਇਆ।
Ganieve Kaur Majithia Pay Obeisance at Guru Ramdas Ji: ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਗੁਰੂ ਰਾਮਦਾਸ ਜੀ ਦੇ ਦਰ ’ਤੇ ਨਤਮਸਤਕ ਹੋਣ ਪਹੁੰਚੀ। ਇਸ ਮੌਕੇ ਉਨ੍ਹਾਂ ਨੇ ਬਿਕਰਮ ਸਿੰਘ ਜੀ ਦੀ ਚੜਦੀ ਕਲਾ, ਪਰਿਵਾਰ ਦੀ ਤੰਦਰੁਸਤੀ ਅਤੇ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਲਈ ਅਖੰਡ ਪਾਠ ਸ਼ੁਰੂ ਕਰਵਾਇਆ। ਇਸਦੇ ਨਾਲ ਨਾਲ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰ ’ਤੇ ਚੋਲੇ ਬਦਲਣ ਦੀ ਸੇਵਾ ਵੀ ਕੀਤੀ ਗਈ।
ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਗੰਭੀਰ ਕਰੋਪੀ ਚੋਂ ਲੰਘ ਰਿਹਾ ਹੈ। ਹੜ੍ਹਾਂ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਦੋਵੇਂ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਦੇ ਖੇਤੀਬਾੜੀ ਮੰਤਰੀ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਗਏ ਸਨ ਪਰ ਕੋਈ ਵੱਡਾ ਐਲਾਨ ਨਹੀਂ ਕੀਤਾ, ਜੋ ਕਿ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾਰ ਹੈ।
ਭਿੱਟੇਵਡ ਨੇ ਕਿਹਾ ਕਿ ਪੰਜਾਬ ਦੇ ਲੋਕ ਸਦਾ ਦੇਸ਼ ਦੀ ਰਾਖੀ ਅਤੇ ਅੰਨ ਦੀ ਸਪਲਾਈ ਵਿੱਚ ਅੱਗੇ ਰਹੇ ਹਨ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਹਰ ਕੰਮ ਛੱਡ ਕੇ ਪੰਜਾਬ ਦੀ ਸਹਾਇਤਾ ਲਈ ਅੱਗੇ ਆਵੇ। ਉਨ੍ਹਾਂ ਮੰਗ ਕੀਤੀ ਕਿ ਜਾਨਵਰਾਂ ਦੇ ਨੁਕਸਾਨ, ਫਸਲਾਂ ਦੀ ਤਬਾਹੀ ਅਤੇ ਘਰਾਂ ਦੇ ਡਿੱਗਣ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ।
ਇਸ ਮੌਕੇ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਜਿਹੜੇ ਲੋਕ ਤੂੜੀ, ਚਾਰਾ, ਦਵਾਈਆਂ ਜਾਂ ਖਾਣ-ਪੀਣ ਦਾ ਸਮਾਨ ਹੜ੍ਹ ਪੀੜਤਾਂ ਲਈ ਲਿਆ ਕੇ ਦਿੰਦੇ ਹਨ। ਉਨ੍ਹਾਂ ਦੀਆਂ ਭੇਟਾਂ ਕਿਸੇ ਜ਼ਿੰਮੇਵਾਰ ਸੰਸਥਾ ਜਿਵੇਂ ਐਸਜੀਪੀਸੀ ਰਾਹੀਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਵਾਰ ਸਮਾਨ ਸੜਕਾਂ ’ਤੇ ਹੀ ਪਿਆ ਰਹਿ ਜਾਂਦਾ ਹੈ ਜਾਂ ਬੇਕਾਰ ਹੋ ਜਾਂਦਾ ਹੈ ਅਤੇ ਜਿਸਦੇ ਲਈ ਉਹ ਭੇਟ ਕੀਤਾ ਜਾਂਦਾ ਹੈ, ਉਹਨਾਂ ਤੱਕ ਨਹੀਂ ਪਹੁੰਚਦਾ।
ਭਿੱਟੇਵਡ ਨੇ ਅੰਤ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕੋਲ ਅਰਦਾਸ ਕੀਤੀ ਕਿ ਪੰਜਾਬ ਨੂੰ ਇਸ ਕਰੋਪੀ ਤੋਂ ਰਾਹਤ ਮਿਲੇ ਅਤੇ ਲੋਕ ਮੁੜ ਚੜਦੀ ਕਲਾ ਵੱਲ ਵਧ ਸਕਣ।