18 ਸਤੰਬਰ ਤੋਂ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’, 117 ਵਿਧਾਨ ਸਭਾ ਹਲਕਿਆਂ ਨੂੰ ਕਰੇਗੀ ਕਵਰ
BJP’s ‘Drug-Free Punjab Yatra’: ਚੰਡੀਗੜ੍ਹ: ਪੰਜਾਬ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ 18 ਤੋਂ 30 ਸਤੰਬਰ ਤੱਕ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢੀ ਜਾ ਰਹੀ ਹੈ। ਚਾਰ ਵੱਖ-ਵੱਖ ਯਾਤਰਾਵਾਂ ਰਾਹੀਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣ ਦੀ ਯੋਜਨਾ ਹੈ।
ਪਹਿਲੀ ਯਾਤਰਾ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਸਥਿਤ ਏਕਤਾ ਸਥਲ ਤੋਂ ਸ਼ੁਰੂ ਹੋਵੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਨੂੰ ਰਵਾਨਾ ਕਰਨਗੇ।
ਦੂਜੀ ਯਾਤਰਾ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਲ ਹੋਵੇਗੀ।
ਤੀਜੀ ਯਾਤਰਾ 20 ਸਤੰਬਰ ਨੂੰ ਫਾਜ਼ਿਲਕਾ ਦੇ ਸਾਦਿਕੀ ਬਾਰਡਰ ਵਾਰ ਮੈਮੋਰੀਅਲ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਸ਼ਾਮਲ ਹੋਣਗੇ। ਇਹ ਯਾਤਰਾ ਫਾਜ਼ਿਲਕਾ, ਬੱਲੂਆਣਾ, ਅਬੋਹਰ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਜੈਤੋ, ਕੋਟਕਪੂਰਾ, ਫਰੀਦਕੋਟ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਜਗਰਾਉਂ, ਰਾਏਕੋਟ, ਦਾਖਾ, ਮਲੇਰਕੋਟਲਾ, ਅਮਰਗੜ੍ਹ, ਗਿੱਲ, ਸਾਹਨੇਵਾਲ ਅਤੇ ਲੁਧਿਆਣਾ ਸਿਟੀ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ।
ਚੌਥੀ ਯਾਤਰਾ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹੋਣਗੇ। ਯਾਤਰਾ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭਦੌੜ, ਬਰਨਾਲਾ, ਮਹਿਲ ਕਲਾਂ, ਧੂਰੀ, ਸੰਗਰੂਰ, ਸੁਨਾਮ, ਦਿੜ੍ਹਬਾ, ਲਹਿਰਾਗਾਗਾ, ਸ਼ੁਤਰਾਣਾ, ਨਾਭਾ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸਨੌਰ ਅਤੇ ਰਾਜਪੁਰਾ ਤੋਂ ਹੁੰਦੀ ਹੋਈ ਜਲੰਧਰ ਪਹੁੰਚੇਗੀ।
ਭਾਜਪਾ ਮੁਤਾਬਕ ਯਾਤਰਾ ਦਾ ਉਦੇਸ਼ ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਵੱਡੀ ਰੈਲੀ ਨਾਲ ਹੋਵੇਗਾ। ਇਸ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਾਮਲ ਹੋਣ ਦੀ ਸੰਭਾਵਨਾ ਦੱਸੀ ਗਈ ਹੈ।
