ਨੰਗਲ ‘ਚ 48 ਘੰਟਿਆਂ ਵਿੱਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, 3 ਮੁਲਜ਼ਮ ਗ੍ਰਿਫ਼ਤਾਰ
Nangal Blind Murder Solved; ਪੰਜਾਬ ਪੁਲਿਸ ਵੱਲੋਂ ਅਪਰਾਧ ਖ਼ਿਲਾਫ਼ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਭਗਵੰਤ ਸਿੰਘ ਮਾਨ,ਡੀਜੀਪੀ ਗੌਰਵ ਯਾਦਵ ਅਤੇ ਡੀਆਈਜੀ ਸਰਦਾਰ ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਨੰਗਲ ਪੁਲਿਸ ਨੇ ਸਿਰਫ਼ 48 ਘੰਟਿਆਂ ਵਿੱਚ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ 28 ਜੁਲਾਈ ਨੂੰ ਨੰਗਲ ਇਲਾਕੇ ਵਿੱਚ ਨਹਿਰ ਦੇ ਕੰਢੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਹੱਥ ਬੰਨੇ ਹੋਏ ਸਨ। ਲਾਸ਼ ਦੀ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁਰੂ ਤੋਂ ਹੀ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਜਾਂਚ ਸ਼ੁਰੂ ਕੀਤੀ।
ਲਾਸ਼ ਦੀ ਪਛਾਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ। ਸਰੀਰ ’ਤੇ ਬਣੇ ਟੈਟੂਆਂ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਬਲਵਿੰਦਰ ਵਜੋਂ ਹੋਈ, ਜਿਸ ਦਾ ਵਿਆਹ ਊਨਾ ਵਿੱਚ ਹੋਇਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੋ ਦੋਸਤ ਅਮਰਜੀਤ ਉਰਫ਼ ਜੱਜ ਅਤੇ ਅਮਿਤੋਜ ਉਰਫ਼ ਤੋਜੀ ਹੀ ਇਸ ਵਾਰਦਾਤ ਵਿੱਚ ਸ਼ਾਮਲ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਤਿੰਨਾਂ ਨੇ ਪਹਿਲਾਂ ਸ਼ਰਾਬ ਅਤੇ ਬਾਅਦ ਵਿੱਚ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ। ਇਸ ਦੌਰਾਨ ਆਪਸੀ ਤਕਰਾਰ ਅਤੇ ਹੱਥੋਪਾਈ ਹੋਈ, ਜਿਸ ਵਿੱਚ ਬਲਵਿੰਦਰ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਇਹ ਕਤਲ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼ ਨਹੀਂ ਸੀ। ਘਟਨਾ ਤੋਂ ਬਾਅਦ ਮੁਲਜ਼ਮ ਘਬਰਾ ਗਏ ਅਤੇ ਅਗਲੇ ਦਿਨ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਆਪਣੇ ਸਾਥੀ ਗੌਰਵ, ਜੋ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ, ਨੂੰ ਬੁਲਾਇਆ। ਤਿੰਨਾਂ ਨੇ ਮਿਲ ਕੇ ਲਾਸ਼ ਨੂੰ ਇੱਕ ਰੇੜੀ ਰਾਹੀਂ ਨਹਿਰ ਦੇ ਕੰਢੇ ਲਿਜਾ ਕੇ ਸੁੱਟ ਦਿੱਤਾ ਤਾਂ ਜੋ ਇਹ ਮਾਮਲਾ ਕੁਦਰਤੀ ਹਾਦਸਾ ਜਾਂ ਫਿਸਲ ਕੇ ਡਿੱਗਣ ਵਰਗਾ ਲੱਗੇ।
ਡੀਐਸਪੀ ਨੰਗਲ ਅਤੇ ਐਸਐਚਓ ਨੰਗਲ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਗਹਿਰਾਈ ਨਾਲ ਜਾਂਚ ਕਰਦਿਆਂ ਪੂਰੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਅਤੇ ਤੀਜੇ ਮੁਲਜ਼ਮ ਗੌਰਵ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਲਗਭਗ 48 ਘੰਟਿਆਂ ਵਿੱਚ ਟ੍ਰੇਸ ਕਰ ਲਿਆ ਗਿਆ। 28 ਜੁਲਾਈ ਨੂੰ ਲਾਸ਼ ਬਰਾਮਦ ਹੋਈ ਸੀ ਅਤੇ 30 ਜੁਲਾਈ ਨੂੰ ਐਫਆਈਆਰ ਦਰਜ ਕਰਨ ਤੋਂ ਬਾਅਦ ਉਸੇ ਦਿਨ ਸਾਰੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਨਸ਼ਾ ਕਰਨ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੂੰ ਨਸ਼ਾ ਕਿੱਥੋਂ ਮਿਲਿਆ ਅਤੇ ਇਸ ਦੇ ਸਪਲਾਇਰ ਕੌਣ ਸਨ।
ਫਿਲਹਾਲ ਜਾਂਚ ਵਿੱਚ ਮੁਲਜ਼ਮਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਇਸੇ ਤਰ੍ਹਾਂ, ਹੁਣ ਤੱਕ ਦੀ ਪੁੱਛਗਿੱਛ ਵਿੱਚ ਕਿਸੇ ਹਥਿਆਰ ਦੀ ਵਰਤੋਂ ਦੀ ਪੁਸ਼ਟੀ ਵੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਜੇ ਜਾਂਚ ਦੌਰਾਨ ਹੋਰ ਕੋਈ ਨਵੇਂ ਤੱਥ ਸਾਹਮਣੇ ਆਉਂਦੇ ਹਨ ਤਾਂ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
