ਵਿਆਹ ਪੁਰਬ ਦੇ ਨਗਰ ਕੀਰਤਨ ਦੌਰਾਨ ਖੂਨੀ ਝੜਪ: ਨਿਹੰਗ ਸਿੰਘਾਂ ਤੇ SGPC ਮੁਲਾਜ਼ਮਾਂ ਵਿਚਾਲੇ ਹੋਈ ਤਕਰਾਰ
- ਘਟਨਾ CCTV ’ਚ ਕੈਦ
Bloody clash between Nihang Singhs and SGPC employees: ਕਪੂਰਥਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿੱਚ ਟਰੈਫਿਕ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਾਲ ਸਬੰਧਤ ਮੁਲਾਜ਼ਮਾਂ ਵਿਚਾਲੇ ਤਕਰਾਰ ਹੋ ਗਈ। ਮਾਮਲਾ ਵਧਣ ਤੋਂ ਬਾਅਦ ਹੋਈ ਝੜਪ ਵਿੱਚ ਇੱਕ SGPC ਮੁਲਾਜ਼ਮ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਘਟਨਾ CCTV ਕੈਮਰੇ ਵਿੱਚ ਵੀ ਕੈਦ ਹੋਈ ਹੈ।
ਜਾਣਕਾਰੀ ਅਨੁਸਾਰ ਨਗਰ ਕੀਰਤਨ ਵਿੱਚ ਸ਼ਾਮਲ ਗੱਡੀਆਂ ਦੀ ਲੰਮੀ ਕਤਾਰ ਕਾਰਨ ਭੰਡਾਲ ਬੇਟ ਵਿੱਚ ਟਰੈਫਿਕ ਜਾਮ ਹੋ ਗਿਆ ਸੀ। ਇਸ ਦੌਰਾਨ ਕੁਝ ਨਿਹੰਗ ਸਿੰਘਾਂ ਦੀਆਂ ਗੱਡੀਆਂ ਵੀ ਜਾਮ ਵਿੱਚ ਫਸ ਗਈਆਂ। ਗੱਡੀ ਨੂੰ ਪਾਸੇ ਕਰਨ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ, ਜੋ ਬਾਅਦ ਵਿੱਚ ਤਕਰਾਰ ਅਤੇ ਝੜਪ ਵਿੱਚ ਬਦਲ ਗਈ।
ਪ੍ਰਤੱਖ ਦਰਸ਼ੀਆਂ ਮੁਤਾਬਕ ਇਸ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਕਥਿਤ ਤੌਰ ’ਤੇ ਕਿਰਪਾਨ ਨਾਲ ਵਾਰ ਕੀਤਾ ਗਿਆ, ਜਿਸ ਕਾਰਨ SGPC ਨਾਲ ਸਬੰਧਤ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਸਥਾਨਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਾਥੀ ਮੁਲਾਜ਼ਮ ਐਂਬੂਲੈਂਸ ਰਾਹੀਂ ਵੱਡੇ ਹਸਪਤਾਲ ਲੈ ਗਏ।
ਪੱਤਰਕਾਰਾਂ ਨਾਲ ਵੀ ਬਦਸਲੂਕੀ ਦੇ ਦੋਸ਼
ਘਟਨਾ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਵੀ ਕਥਿਤ ਤੌਰ ’ਤੇ ਬਦਸਲੂਕੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੱਤਰਕਾਰਾਂ ਮੁਤਾਬਕ ਜਦੋਂ ਉਹ ਵੀਡੀਓ ਬਣਾਉਣ ਅਤੇ ਮੌਕੇ ’ਤੇ ਮੌਜੂਦ ਲੋਕਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕੈਮਰੇ ਅੱਗੇ ਹੱਥ ਰੱਖ ਕੇ ਵੀਡੀਓ ਬਣਾਉਣ ਤੋਂ ਰੋਕਣ ਦੇ ਦੋਸ਼ ਲੱਗੇ। ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਨਿਹੰਗ ਸਿੰਘ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਏ, ਜਦਕਿ ਜ਼ਖਮੀ SGPC ਮੁਲਾਜ਼ਮ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਦੋਹਾਂ ਧਿਰਾਂ ਦਾ ਪੂਰਾ ਪੱਖ ਅਤੇ ਪੁਲਿਸ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
