ਧੀ ਦਾ ਕਿਰਪਾਨ ਨਾਲ ਕਤਲ ਕਰਨ ਵਾਲੇ ਪਿਤਾ ਦੀ ਵੀ ਮਿਲੀ ਲਾਸ਼, ਖੁਦਕੁਸ਼ੀ ਦਾ ਸ਼ੱਕ
ਹੁਸ਼ਿਆਰਪੁਰ: ਪਿੰਡ ਧੂਤ ਕਲਾਂ ਵਿੱਚ ਆਪਣੀ 16 ਸਾਲਾ ਧੀ ਇੰਦਰਪ੍ਰੀਤ ਕੌਰ ਉਰਫ਼ ਇੰਦਰ ਦਾ ਕਿਰਪਾਨ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਪਿਤਾ ਅਮਰਜੀਤ ਸਿੰਘ (42) ਦੀ ਲਾਸ਼ ਐਤਵਾਰ ਦੇਰ ਸ਼ਾਮ ਹੁਸ਼ਿਆਰਪੁਰ ਵਿੱਚ ਭੰਗੀ ਚੋਅ ਨੇੜੇ ਦਸਹਿਰਾ ਮੈਦਾਨ ਕੋਲੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ।
ਜਾਣਕਾਰੀ ਅਨੁਸਾਰ, ਅਮਰਜੀਤ ਸਿੰਘ ਨੇ ਆਪਣੀ ਧੀ ਦਾ ਕਤਲ ਕਰਨ ਤੋਂ ਬਾਅਦ ਘਰੋਂ ਫਰਾਰ ਹੋ ਗਿਆ ਸੀ। ਥਾਣਾ ਹਰਿਆਣਾ ਦੇ ਐੱਸ.ਆਈ. ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਪਿਤਾ ਅਮਰਜੀਤ ਸਿੰਘ ਅਤੇ ਉਸ ਦੀ ਭੈਣ ਕੁਲਵੰਤ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਨੂੰ ਦੇਰ ਸ਼ਾਮ ਭੰਗੀ ਚੋਅ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪਿੰਡ ਦੀ ਪੰਚਾਇਤ ਅਤੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਲਾਸ਼ ਦੀ ਪਛਾਣ ਅਮਰਜੀਤ ਸਿੰਘ ਵਜੋਂ ਕੀਤੀ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਸ਼ੱਕ ਹੈ ਕਿ ਧੀ ਦੇ ਕਤਲ ਤੋਂ ਬਾਅਦ ਹੋਈ ਨਮੋਸ਼ੀ ਕਾਰਨ ਅਮਰਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਨੇ ਆਪਣੀ ਭੈਣ ਕੁਲਵੰਤ ਕੌਰ ਦੇ ਕਥਿਤ ਬਹਿਕਾਵੇ ਵਿੱਚ ਆ ਕੇ ਪੁੱਤਰ ਦੀ ਇੱਛਾ ਪੂਰੀ ਨਾ ਹੋਣ ਕਾਰਨ ਆਪਣੀ ਇਕਲੌਤੀ ਧੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।