ਕਣਕ ਦੀ ਬੋਗਸ ਖ਼ਰੀਦ ਦਾ ਧੂੰਆਂ ਉੱਠਿਆ
Punjab News: ਪੰਜਾਬ ਵਿੱਚ ਕਣਕ ਦੀ ਬੋਗਸ ਖ਼ਰੀਦ ਦਾ ਧੂੰਆਂ ਉੱਠਣ ਲੱਗਿਆ ਹੈ। ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਫ਼ਸਲ ਮੰਡੀਆਂ ਵਿੱਚ ਪੁੱਜ ਚੁੱਕੀ ਹੈ ਜਿਸ ਮਗਰੋਂ ਪੰਜਾਬ ਸਰਕਾਰ ਵੀ ਮੁਸਤੈਦ ਹੋ ਗਈ ਹੈ। ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀ ਵੀ ਬੋਗਸ ਖ਼ਰੀਦ ਦੇ ਸ਼ੰਕਿਆਂ ਦੇ ਮੱਦੇਨਜ਼ਰ ਪੰਜਾਬ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਨ ਲੱਗੇ ਹਨ; ਹਾਲਾਂਕਿ ਐਤਕੀਂ ਤੇਜ਼ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਦਾ ਸਿੱਧਾ ਅਸਰ ਝਾੜ ’ਤੇ ਵੀ ਪਿਆ ਹੈ। ਦੂਜੇ ਪਾਸੇ, ਅੱਠ ਜ਼ਿਲ੍ਹਿਆਂ ’ਚ ਫ਼ਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਪੁੱਜ ਗਈ ਹੈ।
ਕੇਂਦਰ ਸਰਕਾਰ ਵੱਲੋਂ ਐਤਕੀਂ ਪੰਜਾਬ ’ਚੋਂ 122 ਲੱਖ ਟਨ ਕਣਕ ਖ਼ਰੀਦਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਹੁਣ ਤੱਕ ਮੰਡੀਆਂ ’ਚ 114.13 ਲੱਖ ਟਨ ਕਣਕ ਪੁੱਜ ਚੁੱਕੀ ਹੈ। ਖ਼ਰੀਦ ਸੀਜ਼ਨ 15 ਮਈ ਤੱਕ ਚੱਲਣਾ ਹੈ। ਪਿਛਲੇ ਸਾਲ ਸੂਬੇ ’ਚੋਂ ਕਰੀਬ 130 ਲੱਖ ਟਨ ਕਣਕ ਦੀ ਖ਼ਰੀਦ ਹੋਈ ਸੀ, ਜਿਸ ’ਚੋਂ 10.80 ਲੱਖ ਟਨ ਕਣਕ ਪ੍ਰਾਈਵੇਟ ਵਪਾਰੀਆਂ ਨੇ ਖ਼ਰੀਦੀ ਸੀ।
ਭਾਰਤੀ ਖ਼ੁਰਾਕ ਨਿਗਮ ਦੇ ਕਾਰਜਕਾਰੀ ਡਾਇਰੈਕਟਰ ਦਲਜੀਤ ਸਿੰਘ ਨੇ ਦੋ ਦਿਨਾ ਪੰਜਾਬ ਦੌਰਾ ਕੀਤਾ ਹੈ ਅਤੇ ਉਨ੍ਹਾਂ ਨੇ ਕੁਰਾਲੀ, ਖਰੜ, ਰੂਪਨਗਰ, ਬਨੂੜ ਤੇ ਸਨੇਟਾ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਹੈ। ਇਸ ਤੋਂ ਪਹਿਲਾਂ ਡਾਇਰੈਕਟਰ (ਸਟੋਰੇਜ) ਵੀ ਪੰਜਾਬ ਦਾ ਗੇੜਾ ਮਾਰ ਚੁੱਕੇ ਹਨ। ਹਾਲਾਂਕਿ, ਪੰਜਾਬ ਸਰਕਾਰ ਨੇ ਐਤਕੀਂ ਅੰਤਰ-ਰਾਜੀ ਸੀਮਾ ’ਤੇ ਨਾਕੇ ਲਾਏ ਸਨ ਤਾਂ ਕਿ ਬਾਹਰਲੇ ਸੂਬਿਆਂ ਤੋਂ ਕਣਕ ਦੀ ਸੰਭਾਵੀ ਆਮਦ ਨੂੰ ਰੋਕਿਆ ਜਾ ਸਕੇ। ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਹਨ ਕਿ ਫ਼ਸਲੀ ਖ਼ਰਾਬੇ ਕਾਰਨ ਕਣਕ ਦਾ ਝਾੜ ਵੀ ਘੱਟ ਨਿਕਲ ਰਿਹਾ ਹੈ ਅਤੇ ਦੂਸਰੇ ਪਾਸੇ ਮੰਡੀਆਂ ’ਚ ਫ਼ਸਲ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਵੱਧ ਵੀ ਹੋ ਰਹੀ ਹੈ।
ਮੁੱਖ ਸਕੱਤਰ ਪੰਜਾਬ ਨੇ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰ ਕੇ ਹੁਕਮ ਦਿੱਤੇ ਹਨ ਕਿ ਬਾਹਰਲੇ ਸੂਬਿਆਂ ’ਚੋਂ ਫ਼ਸਲ ਦੀ ਸੰਭਾਵੀ ਆਮਦ ’ਤੇ ਨਜ਼ਰ ਰੱਖੀ ਜਾਵੇ। ਖ਼ੁਰਾਕ ਤੇ ਸਪਲਾਈ ਵਿਭਾਗ ਨੇ ਵੀ ਸਮੂਹ ਜ਼ਿਲ੍ਹਾ ਕੰਟਰੋਲਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਜਿਨ੍ਹਾਂ ਖ਼ਰੀਦ ਕੇਂਦਰਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਕਣਕ ਦੀ ਆਮਦ 100 ਫ਼ੀਸਦ ਤੋਂ ਵੱਧ ਹੋ ਚੁੱਕੀ ਹੈ, ਉਨ੍ਹਾਂ ਖ਼ਰੀਦ ਕੇਂਦਰਾਂ ਵਿੱਚ ਹੁਣ ਕਣਕ ਦੀ ਖ਼ਰੀਦ ਮੌਕੇ ਕਿਸਾਨਾਂ ਵੱਲੋਂ ਲਿਆਂਦੀ ਫ਼ਸਲ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇ ਤਾਂ ਕਿ ਅਧਿਕਾਰੀਆਂ ਵੱਲੋਂ ਚੈਕਿੰਗ ਸਮੇਂ ਇਨ੍ਹਾਂ ਸਬੂਤਾਂ ਨੂੰ ਪੇਸ਼ ਕੀਤਾ ਜਾ ਸਕੇ। ਦੂਸਰੇ ਪਾਸੇ, ਅਧਿਕਾਰੀ ਤਰਕ ਦਿੰਦੇ ਹਨ ਕਿ ਪਿਛਲੇ ਸਾਲ ਪ੍ਰਾਈਵੇਟ ਵਪਾਰੀਆਂ ਨੇ 10.80 ਲੱਖ ਟਨ ਕਣਕ ਖ਼ਰੀਦੀ ਸੀ, ਐਤਕੀਂ ਪ੍ਰਾਈਵੇਟ ਖ਼ਰੀਦ ਨਾਂਮਾਤਰ ਹੈ। ਪ੍ਰਾਈਵੇਟ ਖ਼ਰੀਦ ਨਾਂਮਾਤਰ ਰਹਿਣ ਕਰ ਕੇ ਸਰਕਾਰੀ ਖ਼ਰੀਦ ਦਾ ਅੰਕੜਾ ਵਧ ਗਿਆ ਹੈ। ਦੂਸਰੀ ਦਲੀਲ ਇਹ ਹੈ ਕਿ ਇਸ ਵਾਰ ਕਿਸਾਨ ਫ਼ਸਲੀ ਮੌਸਮ ਦੀ ਝੰਬੀ ਕਣਕ ਨੂੰ ਬੀਜ ਦੇ ਤੌਰ ’ਤੇ ਘਰਾਂ ’ਚ ਨਹੀਂ ਰੱਖ ਰਹੇ ਹਨ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਬੋਗਸ ਖ਼ਰੀਦ ਦਾ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਸਖ਼ਤੀ ਕੀਤੀ ਹੋਈ ਹੈ।