ਰਿਸ਼ਤੇ ਤਾਰ-ਤਾਰ, ਪੁੱਤ ਨੇ ਮਾਂ ਦਾ ਚਾਕੂ ਮਾਰ ਕੇ ਕੀਤਾ ਕਤਲ, ਜਾਣੋ ਪੂਰਾ ਮਾਮਲਾ
Tarn Taran Murder; ਪੰਜਾਬ ਦੇ ਤਰਨਤਾਰਨ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਰੇਲੂ ਝਗੜੇ ਤੋਂ ਬਾਅਦ ਇੱਕ ਸੌਤੇਲੇ ਪੁੱਤਰ ਨੇ ਆਪਣੀ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਘਟਨਾ ਤਰਨਤਾਰਨ ਦੀ ਗਲੀ ਵਾਲੀ ਵਾਲੀ ਵਿੱਚ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਤਰਨਤਾਰਨ ਸਿਟੀ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਝਗੜੇ ਤੋਂ ਬਾਅਦ ਗਲੀ ’ਚ ਕੀਤਾ ਹਮਲਾ
ਮ੍ਰਿਤਕ ਦੀ ਧੀ ਹਰਕਮਲਪ੍ਰੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਉਸ ਦੇ ਸੌਤੇਲੇ ਭਰਾ ਲਵਪ੍ਰੀਤ ਸਿੰਘ ਦਾ ਉਸ ਦੀ ਮਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਝਗੜੇ ਤੋਂ ਬਚਣ ਲਈ ਮਾਂ ਘਰ ਤੋਂ ਬਾਹਰ ਗਲੀ ਵਿੱਚ ਚਲੀ ਗਈ, ਪਰ ਲਵਪ੍ਰੀਤ ਸਿੰਘ ਚਾਕੂ ਲੈ ਕੇ ਉਸ ਦੇ ਪਿੱਛੇ ਗਲੀ ਵਿੱਚ ਪਹੁੰਚ ਗਿਆ। ਉੱਥੇ ਉਸ ਨੇ ਮਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਵਾਰਦਾਤ ਤੋਂ ਬਾਅਦ ਲਵਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਵੱਲੋਂ ਜ਼ਖ਼ਮੀ ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਦਰਜ ਕੀਤਾ ਕਤਲ ਦਾ ਮਾਮਲਾ
ਤਰਨਤਾਰਨ ਸਿਟੀ ਥਾਣੇ ਦੇ ਹੈੱਡ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
