ਦਿੱਲੀ ‘ਚ ਇਮਾਰਤ ਡਿੱਗੀ, 3 ਸਾਲ ਦੀ ਮਾਸੂਮ ਬੱਚੀ ਸਮੇਤ 2 ਦੀ ਮੌਤ
ਮਲਬੇ ਹੇਠਾਂ ਦੱਬੇ 6 ਲੋਕਾਂ ਨੂੰ ਬਚਾਇਆ ਗਿਆ, 4 ਜ਼ਖ਼ਮੀ; ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ
Delhi building collapse; ਪੂਰਬੀ ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਇਮਾਰਤ ਢਹਿ ਗਈ। ਵਿਵੇਕ ਵਿਹਾਰ ਥਾਣਾ ਖੇਤਰ ਦੇ ਜਵਾਲਾ ਨਗਰ ਦੀ ਗਲੀ ਨੰਬਰ 6 ਵਿੱਚ ਵਾਪਰੇ ਇਸ ਹਾਦਸੇ ਦੌਰਾਨ ਤਿੰਨ ਸਾਲਾ ਬੱਚੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ।
ਹਾਦਸੇ ਸਮੇਂ ਇਮਾਰਤ ਵਿੱਚ ਮੌਜੂਦ ਛੇ ਲੋਕ ਮਲਬੇ ਹੇਠਾਂ ਦੱਬ ਗਏ ਸਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਕੈਟ ਐਂਬੂਲੈਂਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਸਾਰੇ ਛੇ ਲੋਕਾਂ ਨੂੰ ਮਲਬੇ ਵਿੱਚੋਂ ਕੱਢ ਕੇ ਹੇਡਗੇਵਾਰ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਖੁਸ਼ਬੂ (3) ਅਤੇ ਪਿੰਟੂ (30) ਨੂੰ ਮ੍ਰਿਤਕ ਐਲਾਨ ਦਿੱਤਾ।
ਸਵੇਰੇ 10:09 ਵਜੇ ਮਿਲੀ ਇਮਾਰਤ ਡਿੱਗਣ ਦੀ ਸੂਚਨਾ
ਪੁਲਿਸ ਮੁਤਾਬਕ ਮੰਗਲਵਾਰ ਸਵੇਰੇ ਕਰੀਬ 10:09 ਵਜੇ ਜਵਾਲਾ ਨਗਰ ਦੀ ਗਲੀ ਨੰਬਰ 6 ਵਿੱਚ ਇਮਾਰਤ ਡਿੱਗਣ ਸਬੰਧੀ ਪੀਸੀਆਰ ਕਾਲ ਮਿਲੀ ਸੀ। ਇਸ ਤੋਂ ਬਾਅਦ ਵਿਵੇਕ ਵਿਹਾਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰਵਾਇਆ। ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਕੈਟ ਐਂਬੂਲੈਂਸ ਦੀ ਮਦਦ ਵੀ ਲਈ ਗਈ।
ਮਲਬੇ ਹੇਠਾਂ ਦੱਬਣ ਕਾਰਨ ਬੱਚੀ ਤੇ ਨੌਜਵਾਨ ਦੀ ਮੌਤ
ਪੁਲਿਸ ਅਨੁਸਾਰ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਖੁਸ਼ਬੂ (3) ਅਤੇ ਲੱਡੂ ਉਰਫ਼ ਦੇਵਾਂਸ਼ (27) ਮੌਜੂਦ ਸਨ। ਜਦਕਿ ਜ਼ਮੀਨੀ ਮੰਜ਼ਿਲ ‘ਤੇ ਪਿੰਟੂ (30), ਵਿਕੇਸ਼ (35), ਆਕਾਸ਼ (25) ਅਤੇ ਦਿਲੀਪ ਉਰਫ਼ ਡਿੰਪਾ (22) ਸਨ।
ਹਾਦਸੇ ਵਿੱਚ ਖੁਸ਼ਬੂ ਅਤੇ ਪਿੰਟੂ ਦੀ ਜਾਨ ਚਲੀ ਗਈ, ਜਦਕਿ ਬਾਕੀ ਚਾਰ ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਸੁਰਿੰਦਰ ਸਿੰਘ ਦੀ ਦੱਸੀ ਜਾ ਰਹੀ ਹੈ ਇਮਾਰਤ
ਮੁੱਢਲੀ ਜਾਣਕਾਰੀ ਮੁਤਾਬਕ ਇਹ ਇਮਾਰਤ ਸੁਰਿੰਦਰ ਸਿੰਘ ਦੀ ਹੈ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕ ਕਿਰਾਏਦਾਰ ਸਨ। ਪੁਲਿਸ ਵੱਲੋਂ ਇਮਾਰਤ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮਾਮਲੇ ਵਿੱਚ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।