ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੰਗਾਂ ਮੰਨਣ ਦਾ ਮਿਲਿਆ ਭਰੋਸਾ- ਮੱਖਣ ਕਾਲਸ
Harjot Singh Bains; ਸ਼੍ਰੀ ਅਨੰਦਪੁਰ ਸਾਹਿਬ- ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਦੀ ਮੀਟਿੰਗ ਪ੍ਰਧਾਨ ਮੱਖਣ ਕਾਲਸ, ਜਸਪਾਲ ਸਿੰਘ ਬੱਬਾ ਨੂਰਪੁਰ ਬੇਦੀ ਦੀ ਅਗਵਾਈ ਹੇਠ ਮੁੱਖ ਮੰਤਰੀ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ। ਇਸ ਮੋਕੇ ਤੇ ਡਵੀਜ਼ਨ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਵੀ ਇਸ ਮੀਟਿੰਗ ਦਾ ਹਿਸਾ ਬਣੇ।
ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪ੍ਰੈਸ ਰਾਹੀਂ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਪੂਰੇ ਪੰਜਾਬ ਦੇ ਵਰਕਰਾਂ ਨਾਲ ਸਾਂਝੀ ਕਰਦਿਆਂ ਮੱਖਣ ਕਾਲਸ ਅਤੇ ਗੁਰਮੁਖ ਸਿੰਘ ਕਲੋਤਾ ਨੇ ਦੱਸਿਆ ਕਿ ਪਿਛਲੇ ਹਫਤੇ ਮਾਣਯੋਗ ਗਵਰਨਰ ਸਾਹਿਬ ਨਾਲ ਕੀਤੀ ਗਈ ਮੀਟਿੰਗ ਦਾ ਪ੍ਰਭਾਵ ਅੱਜ ਦੀ ਮੀਟਿੰਗ ਵਿਚ ਸਾਨੂੰ ਦਿਸਿਆ ਅਤੇ ਸਾਰੀਆਂ ਮੰਗਾਂ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਉਨ੍ਹਾਂ ਨੇ ਕੈਬਨਿਟ ਮੰਤਰੀ ਜੀ ਅੱਗੇ ਜ਼ੋਰਦਾਰ ਤਰੀਕੇ ਨਾਲ ਆਪਣੀ ਪ੍ਰਮੁੱਖ ਮੰਗ 2800 ਇਨਲਿਸਟਮੈਂਟ ਮੁਲਾਜ਼ਮਾਂ ਨੂੰ ਨਵੇਂ ਬਣ ਰਹੇ ਬਿਲ ਵਿਚ ਸ਼ਾਮਿਲ ਕੀਤੇ ਜਾਣ ਬਾਰੇ ਰੱਖੀ। ਜਾਂ ਬਿਜਲੀ ਕਾਮਿਆਂ ਦੀ ਤਰਜ਼ ਤੇ ਵਿਭਾਗ ਦੀ ਅਲੱਗ ਪੋਲਸੀ ਤਿਆਰ ਕਰਵਾ ਕੇ ਆਊਟਸੋਰਸ ਅਤੇ ਇੰਨਲਿਟਸਮੈਂਟ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ ਕਰ ਦਿਤਾ ਜਾਵੇ। ਜਿਸ ਤੇ ਮੰਤਰੀ ਜੀ ਨੇ ਕਿਹਾ ਕਿ ਇਹ ਮਸਲਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਆਗੂਆਂ ਨੇ ਕਿਹਾ 30 ਮਈ ਨੂੰ ਪੰਜਾਬ ਸਰਕਾਰ ਨੇ “ਦੀ ਪੰਜਾਬ ਸਟੇਟ ਆਊਟਸੋਰਸਡ ਪਰਸਨਲ ਬਿਲ- 2026” ਅਤੇ ਆਰਡੀਨੈਂਸ ਬਨਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਹੁਣ ਤੱਕ ਨਾਂ ਤਾਂ ਬਿਲ ਲਾਗੂ ਕੀਤਾ ਗਿਆ ਨਾਂ ਹੀ ਆਰਡੀਨੈਂਸ ਲਾਗੂ ਕੀਤਾ ਗਿਆ। ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਅਧੀਨ 196 ਆਊਟਸੋਰਸਡ ਮੁਲਾਜ਼ਮਾਂ ਸਮੇਤ ਪੂਰੇ ਪੰਜਾਬ ਵਿਚ 1575 ਆਊਟਸੋਰਸਡ ਮੁਲਾਜ਼ਮਾਂ ਨੂੰ ਬਿਲ ਜਾਂ ਆਰਡੀਨੈਂਸ ਰਾਹੀਂ ਜ਼ੋ ਪਹਿਲਾਂ ਸੰਭਵ ਹੋਵੇ, ਉਸ ਵਿਚ ਸ਼ਾਮਿਲ ਕਰਕੇ ਵਿਭਾਗ ਵਿਚ ਸ਼ਾਮਲ ਕਰਕੇ ਮਿਨੀਮਮ ਵੇਜ ਐਕਟ ਤਹਿਤ ਤਨਖਾਹ 40000/- ਰੁਪਏ ਪ੍ਰਤੀ ਮਹੀਨਾ ਤਹਿ ਕੀਤਾ ਜਾਵੇ। ਉਪਰੋਕਤ ਮੰਗਾਂ ਦਾ ਜਵਾਬ ਦਿੰਦਿਆਂ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਦਿਸ਼ਾ ਵਿਚ ਨਾਲ ਕੰਮ ਕਰ ਰਹੀ ਹੈ ਅਤੇ ਆਰਡੀਨੈਂਸ ਗਵਰਨਰ ਸਾਹਿਬ ਨੂੰ ਭੇਜ ਦਿੱਤਾ ਹੈ ਅਤੇ ਹੁਣ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਬਹੁਤ ਤੇਜੀ ਨਾਲ ਇਸ ਮਸਲੇ ਤੇ ਅੱਗੇ ਵਧ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਚ ਜਲ ਸਪਲਾਈ ਵਿਭਾਗ ਸਮੇਤ ਸਮੂਹ ਵਿਭਾਗਾਂ ਦੇ ਆਊਟਸੋਰਸ ਮੁਲਾਜ਼ਮਾਂ ਲਈ ਵਚਨਬੱਧ ਹੈ।
ਇਸ ਲਈ ਉਹ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਮਾਣਯੋਗ ਮੁੱਖ ਜੀ ਤੋਂ ਹੱਲ ਕਰਵਾ ਕੇ ਠੇਕਾ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇਣਗੇ ਇਸ ਮੋਕੇ ਤੇ ਡਵੀਜ਼ਨ ਪ੍ਰਧਾਨ ਕਪਿਲ ਮਹਿੰਦਲੀ ਨੇ ਕਿਹਾ ਕਿ ਬੇਸ਼ੱਕ ਮਾਣਯੋਗ ਸਿਖਿਆ ਮੰਤਰੀ ਜੀ ਨੇ ਆਊਟਸੋਰਸ ਅਤੇ ਇੰਨਲਿਟਸਮੈਂਟ ਮੁਲਾਜ਼ਮ ਦੀਆਂ ਮੰਗਾਂ ਹੱਲ ਕਰਨ ਅਤੇ ਪੱਕੇ ਕਰਨ ਦਾ ਵਾਅਦਾ ਕੀਤਾ ਪਰ ਉਹ ਆਪਣੇ ਸੰਘਰਸ਼ ਤੋ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ ਕਿਉਂਕਿ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਓਦੋਂ ਤੱਕ ਮਾਣਯੋਗ ਮੁੱਖ ਮੰਤਰੀ ਜੀ ਦਾ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਕਿਤੇ ਵੀ ਪਿੰਡਾਂ ਸ਼ਹਿਰਾਂ ਵਿੱਚ ਆਉਣ ਵਾਲੇ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੰਤੂ ਇਸ ਮੀਟਿੰਗ ਵਿਚ ਮਿਲੇ ਭਰੋਸੇ ਤੋਂ ਬਾਅਦ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਖਿਲਾਫ ਘੋਸ਼ਿਤ ਕੀਤਾ ਗਿਆ ਗੁਪਤ ਐਕਸ਼ਨ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰ ਦਿਤਾ ਗਿਆ ਹੈ। ਇਸ ਮੀਟਿੰਗ ਵਿਚ ਜੱਸੀ ਕੀਰਤਪੁਰ, ਗੋਲਡੀ ਰਾਣਾ, ਇੰਦਰ ਰਾਣਾ, ਆਦਿ ਆਗੂਆਂ ਨੇ ਸ਼ਮੂਲੀਅਤ ਕਰਦੇ ਜ਼ੋਰਦਾਰ ਤਰੀਕੇ ਨਾਲ ਆਪਣੀਆਂ ਦਲੀਲਾਂ ਕੈਬਨਿਟ ਮੰਤਰੀ ਜੀ ਰਾਹੀਂ ਪੰਜਾਬ ਸਰਕਾਰ ਅੱਗੇ ਰੱਖੀਆਂ।