ਕੈਨੇਡਾ ਵਿੱਚ ਰੁਜ਼ਗਾਰ ਸੰਕਟ ਵਧਿਆ, 5000 ਨੌਕਰੀਆਂ ਲਈ ਆਈਆਂ 50,000 ਅਰਜ਼ੀਆਂ
Canada Employment crisis: ਨਵੀਂ ਦਿੱਲੀ: ਕੈਨੇਡਾ ਵਿੱਚ ਰੁਜ਼ਗਾਰ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਨੇ ਨੌਕਰੀਆਂ ਲਈ ਵਧਦੇ ਮੁਕਾਬਲੇ ਨੂੰ ਉਜਾਗਰ ਕੀਤਾ ਹੈ। ਇੱਕ ਭਰਤੀ ਮੁਹਿੰਮ ਦੌਰਾਨ ਸਿਰਫ਼ 5,000 ਅਸਾਮੀਆਂ ਲਈ ਕਰੀਬ 50,000 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਨਾਲ ਨੌਕਰੀਆਂ ਦੀ ਭਾਰੀ ਕਮੀ ਅਤੇ ਬੇਰੁਜ਼ਗਾਰੀ ਦੀ ਸਥਿਤੀ ਸਾਹਮਣੇ ਆਈ ਹੈ। ਦਰਅਸਲ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ (CNE) ਵੱਲੋਂ ਮਹਿਜ਼ ਕੁਝ ਸੌ ਮੌਸਮੀ (seasonal) ਅਤੇ ਸੋਲ੍ਹਾਂ ਦਿਨਾਂ ਦੀਆਂ ਨੌਕਰੀਆਂ ਲਈ ਕੱਢੇ ਗਏ ਇਸ਼ਤਿਹਾਰ ਉੱਤੇ ਹੈਰਾਨੀਜਨਕ ਤੌਰ ‘ਤੇ ਲਗਪਗ 50,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
CNE ਦੇ ਐਨਰਕੇਅਰ ਸੈਂਟਰ ਵਿਚ ਲੱਗੇ ਸਾਲਾਨਾ ਜੌਬ ਫੇਅਰ ਦੌਰਾਨ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। CNE ਪ੍ਰਬੰਧਕਾਂ ਮੁਤਾਬਕ ਉਨ੍ਹਾਂ ਕੋਲ ਕੁੱਲ ਮਿਲਾ ਕੇ ਲਗਪਗ 5,000 ਅਸਾਮੀਆਂ ਹਨ, ਜਿਨ੍ਹਾਂ ਵਿੱਚ ਕੈਸ਼ੀਅਰ, ਰਿਟੇਲ ਸਟਾਫ਼, ਗੇਮ ਅਟੈਂਡੈਂਟ, ਫੂਡ ਸਰਵਿਸ ਅਤੇ ਗਾਈਡਾਂ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ 50,000 ਤੋਂ ਵੱਧ ਆਨਲਾਈਨ ਅਰਜ਼ੀਆਂ ਦਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਇੱਕ ਨੌਕਰੀ ਲਈ ਸਿੱਧਾ ਮੁਕਾਬਲਾ ਲਗਪਗ 10 ਉਮੀਦਵਾਰਾਂ ਵਿੱਚ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਆਰਥਿਕ ਮੰਦੀ, ਭਰਤੀ ਦੀ ਧੀਮੀ ਰਫ਼ਤਾਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਵੇਂ ਪਰਵਾਸੀਆਂ ਦੀ ਵੱਧਦੀ ਗਿਣਤੀ ਕਾਰਨ ਨੌਕਰੀਆਂ ਲਈ ਮੁਕਾਬਲਾ ਕਾਫ਼ੀ ਵਧ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਨਵੇਂ ਗ੍ਰੈਜੂਏਟਾਂ ਅਤੇ ਵਰਕ ਪਰਮਿਟ ਧਾਰਕਾਂ ‘ਤੇ ਪੈ ਰਿਹਾ ਹੈ। ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਨਹੀਂ ਮਿਲ ਰਿਹਾ। ਨੌਕਰੀਆਂ ਦੀ ਕਮੀ ਕਾਰਨ ਬਹੁਤ ਸਾਰੇ ਨੌਜਵਾਨ ਘੱਟ ਤਨਖ਼ਾਹ ਵਾਲੇ ਜਾਂ ਪਾਰਟ-ਟਾਈਮ ਕੰਮ ਕਰਨ ਲਈ ਮਜਬੂਰ ਹਨ।
ਰੁਜ਼ਗਾਰ ਬਾਜ਼ਾਰ ਵਿੱਚ ਵਧਦੇ ਦਬਾਅ ਨੇ ਖ਼ਾਸ ਕਰਕੇ ਪੰਜਾਬ ਸਮੇਤ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਅਤੇ ਨਵੇਂ ਪਰਵਾਸੀਆਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਇਹ ਸਥਿਤੀ ਕੈਨੇਡਾ ਦੀ ਮੌਜੂਦਾ ਆਰਥਿਕ ਪ੍ਰਣਾਲੀ ਅਤੇ ਲੇਬਰ ਮਾਰਕੀਟ ‘ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ, ਜਿੱਥੇ ਯੋਗ ਅਤੇ ਪੜ੍ਹੇ-ਲਿਖੇ ਨੌਜਵਾਨ ਆਪਣੇ ਘਰ ਦਾ ਖਰਚਾ ਚਲਾਉਣ ਅਤੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਮਾਮੂਲੀ ਦਿਹਾੜੀਆਂ ਅਤੇ ਅਸਥਾਈ ਨੌਕਰੀਆਂ ਖ਼ਾਤਰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕੇ ਖਾਣ ਲਈ ਮਜਬੂਰ ਹਨ।
