ਪੰਜਾਬ ਵਿੱਚ ਪਰਾਲੀ ਸਾੜਨ ਦੇ ਵਧਣ ਲੱਗੇ ਮਾਮਲੇ, ਇੱਕ FIR ਦਰਜ
– 16 ਥਾਵਾਂ ’ਤੇ ਖੇਤਾਂ ਵਿੱਚ ਪਰਾਲੀ ਸਾੜਨ ਦੀ ਪੁਸ਼ਟੀ; ₹55 ਹਜ਼ਾਰ ਵਾਤਾਵਰਨ ਮੁਆਵਜ਼ਾ ਲਗਾਇਆ
Cases of stubble burning increasing in Punjab: ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਸਬੰਧਤ ਅੱਗ ਲੱਗਣ ਦੇ ਮਾਮਲਿਆਂ ਦੀ ਗਿਣਤੀ 52 ਤੱਕ ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ 42 ਮਾਮਲਿਆਂ ਵਿੱਚ ਖੇਤਾਂ ਦੀ ਮੌਕੇ ’ਤੇ ਜਾਂਚ ਕੀਤੀ ਗਈ, ਜਦਕਿ 16 ਥਾਵਾਂ ’ਤੇ ਫ਼ਸਲ ਦੀ ਰਹਿੰਦ-ਖੂੰਹਦ ਸਾੜੇ ਜਾਣ ਦੀ ਪੁਸ਼ਟੀ ਹੋਈ ਹੈ।
ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 30 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 20 ਖੇਤਾਂ ਦੀ ਜਾਂਚ ਕੀਤੀ ਗਈ ਅਤੇ ਚਾਰ ਥਾਵਾਂ ’ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ। ਅੰਮ੍ਰਿਤਸਰ ਵਿੱਚ ਇੱਕ ਮਾਮਲੇ ਵਿੱਚ ₹5,000 ਵਾਤਾਵਰਨ ਮੁਆਵਜ਼ਾ ਲਗਾਇਆ ਗਿਆ, ਜੋ ਪੂਰਾ ਵਸੂਲ ਕਰ ਲਿਆ ਗਿਆ ਹੈ।
ਤਰਨ ਤਾਰਨ ਵਿੱਚ 8, ਫ਼ਿਰੋਜ਼ਪੁਰ ਵਿੱਚ 5, ਗੁਰਦਾਸਪੁਰ ਵਿੱਚ 3 ਅਤੇ ਮੋਗਾ ਵਿੱਚ 2 ਮਾਮਲੇ ਦਰਜ ਹੋਏ ਹਨ। ਇਸ ਤੋਂ ਇਲਾਵਾ ਫਾਜ਼ਿਲਕਾ, ਹੁਸ਼ਿਆਰਪੁਰ, ਐੱਸ.ਬੀ.ਐੱਸ. ਨਗਰ ਅਤੇ ਪਟਿਆਲਾ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।
ਤਰਨ ਤਾਰਨ ਤੇ ਫ਼ਿਰੋਜ਼ਪੁਰ ਵਿੱਚ ਵੀ ਕਾਰਵਾਈ
ਤਰਨ ਤਾਰਨ ਵਿੱਚ ਸਾਰੇ 8 ਖੇਤਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 5 ਥਾਵਾਂ ’ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ। ਚਾਰ ਮਾਮਲਿਆਂ ਵਿੱਚ ₹20,000 ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ, ਜਿਸ ਵਿੱਚੋਂ ₹10,000 ਵਸੂਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਖੇਤਾਂ ਦੇ ਰਿਕਾਰਡ ਵਿੱਚ 5 ਰੈੱਡ ਐਂਟਰੀਆਂ ਕੀਤੀਆਂ ਗਈਆਂ।
ਫ਼ਿਰੋਜ਼ਪੁਰ ਵਿੱਚ ਵੀ ਸਾਰੇ 5 ਖੇਤਾਂ ਦੀ ਜਾਂਚ ਦੌਰਾਨ ਪਰਾਲੀ ਸਾੜਨ ਦੀ ਪੁਸ਼ਟੀ ਹੋਈ। ਚਾਰ ਮਾਮਲਿਆਂ ਵਿੱਚ ₹20,000 ਮੁਆਵਜ਼ਾ ਲਗਾਇਆ ਗਿਆ, ਜਿਸ ਵਿੱਚੋਂ ਹੁਣ ਤੱਕ ₹5,000 ਵਸੂਲ ਕੀਤੇ ਗਏ ਹਨ। ਇੱਥੇ 4 ਰੈੱਡ ਐਂਟਰੀਆਂ ਵੀ ਦਰਜ ਕੀਤੀਆਂ ਗਈਆਂ।
ਪਟਿਆਲਾ ਦੇ ਮਾਮਲੇ ਵਿੱਚ FIR
ਪਟਿਆਲਾ ਵਿੱਚ ਸਾਹਮਣੇ ਆਏ ਇੱਕ ਮਾਮਲੇ ਦੀ ਜਾਂਚ ਦੌਰਾਨ ਪਰਾਲੀ ਸਾੜਨ ਦੀ ਪੁਸ਼ਟੀ ਹੋਈ। ਇਸ ਮਾਮਲੇ ਵਿੱਚ ₹5,000 ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਅਤੇ ਇਸੇ ਮਾਮਲੇ ਨਾਲ ਇੱਕ FIR ਵੀ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਹੁਣ ਤੱਕ ਕੁੱਲ 11 ਮਾਮਲਿਆਂ ਵਿੱਚ ₹55,000 ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਹੈ, ਜਿਸ ਵਿੱਚੋਂ ₹25,000 ਦੀ ਵਸੂਲੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੁੱਲ 9 ਰੈੱਡ ਐਂਟਰੀਆਂ ਅਤੇ 4 ਚੇਤਾਵਨੀ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਹਾਲੇ ਤੱਕ ਕਿਸੇ ਨੋਡਲ ਜਾਂ ਨਿਗਰਾਨ ਅਧਿਕਾਰੀ ਖ਼ਿਲਾਫ਼ ਚਾਰਜਸ਼ੀਟ ਜਾਂ ਮੁਅੱਤਲੀ ਦੀ ਕੋਈ ਕਾਰਵਾਈ ਦਰਜ ਨਹੀਂ ਕੀਤੀ ਗਈ ਹੈ।
