ਚੰਡੀਗੜ੍ਹ ਦੇ ਸਾਇੰਸ ਅਧਿਆਪਕ ਰਵੀ ਜੈਸਵਾਲ ਨੂੰ ਮਿਲੇਗਾ ਨੈਸ਼ਨਲ ਟੀਚਰਜ਼ ਐਵਾਰਡ
- ਦੇਸ਼ ਭਰ ਦੇ 48 ਅਧਿਆਪਕਾਂ ਦੀ ਚੋਣ, ਪੰਜਾਬ ਤੋਂ ਦਿਨੇਸ਼ ਕੁਮਾਰ ਵੀ ਸਨਮਾਨਿਤ ਹੋਣਗੇ
Chandigarh teacher to receive National Teachers Award: ਚੰਡੀਗੜ੍ਹ: ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਟੀਚਰਜ਼ ਐਵਾਰਡ 2026 ਲਈ ਦੇਸ਼ ਭਰ ਵਿੱਚੋਂ 48 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੇ ਇੱਕ-ਇੱਕ ਅਧਿਆਪਕ ਸ਼ਾਮਲ ਹਨ। ਚੁਣੇ ਗਏ ਅਧਿਆਪਕਾਂ ਨੂੰ 5 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਚੰਡੀਗੜ੍ਹ ਤੋਂ ਸਰਕਾਰੀ ਮਾਡਲ ਹਾਈ ਸਕੂਲ, ਮਲੋਆ ਕਲੋਨੀ ਦੇ ਟੀਜੀਟੀ ਸਾਇੰਸ ਅਧਿਆਪਕ ਰਵੀ ਜੈਸਵਾਲ ਦੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਤੋਂ ਦਿਨੇਸ਼ ਕੁਮਾਰ ਨੂੰ ਇਹ ਸਨਮਾਨ ਮਿਲੇਗਾ, ਜੋ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿੱਚ ਸੇਵਾ ਨਿਭਾ ਰਹੇ ਹਨ। ਹਰਿਆਣਾ ਤੋਂ ਰੋਹਤਕ ਦੇ ਅਧਿਆਪਕ ਅਨਿਲ ਕੌਸ਼ਿਕ ਦੀ ਵੀ ਐਵਾਰਡ ਲਈ ਚੋਣ ਹੋਈ ਹੈ।
3ਡੀ ਡੋਮ ਰਾਹੀਂ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜਿਆ
ਰਵੀ ਜੈਸਵਾਲ ਨੇ ਮਲੋਆ ਕਲੋਨੀ ਦੇ ਸਰਕਾਰੀ ਸਕੂਲ ਵਿੱਚ ਵਿਗਿਆਨ ਦੀ ਪੜ੍ਹਾਈ ਨੂੰ ਰਵਾਇਤੀ ਕਿਤਾਬਾਂ ਅਤੇ ਲੈਬ ਪੀਰੀਅਡ ਤੋਂ ਅੱਗੇ ਲਿਜਾਣ ਲਈ ਕਈ ਨਵੇਂ ਤਰੀਕੇ ਅਪਣਾਏ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਦਿਆਰਥੀ 3ਡੀ ਡੋਮ ਰਾਹੀਂ ਪੁਲਾੜ ਦੀ ਯਾਤਰਾ ਦਾ ਅਨੁਭਵ ਕਰਦੇ ਹਨ, ਮੌਸਮ ਨਾਲ ਸਬੰਧਤ ਰੀਡਿੰਗ ਖੁਦ ਲੈਂਦੇ ਹਨ ਅਤੇ ਮਾਡਲਾਂ ਰਾਹੀਂ ਗਣਿਤ ਤੇ ਵਿਗਿਆਨ ਦੀਆਂ ਗੁੰਝਲਦਾਰ ਧਾਰਨਾਵਾਂ ਨੂੰ ਸਮਝਦੇ ਹਨ। ਰਵੀ ਜੈਸਵਾਲ 16 ਸਾਲ ਤੋਂ ਵੱਧ ਸਮੇਂ ਤੋਂ ਅਧਿਆਪਨ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਸਕੂਲ ਵਿੱਚ ਟੀਜੀਟੀ ਸਾਇੰਸ (ਨਾਨ-ਮੈਡੀਕਲ) ਵਜੋਂ ਸੇਵਾਵਾਂ ਨਿਭਾ ਰਹੇ ਹਨ।
ਸਕੂਲ ਵਿੱਚ ਤਿਆਰ ਕੀਤਾ ‘ਸੀ.ਵੀ. ਰਮਨ ਡੋਮ ਥੀਏਟਰ’
ਮਲੋਆ ਕਲੋਨੀ ਦੇ ਸਕੂਲ ਵਿੱਚ ਸੀ.ਵੀ. ਰਮਨ ਡੋਮ ਥੀਏਟਰ ਵੀ ਰਵੀ ਜੈਸਵਾਲ ਦੀ ਇੱਕ ਅਹਿਮ ਪਹਿਲ ਹੈ। ਦੱਸਿਆ ਜਾਂਦਾ ਹੈ ਕਿ ਵਿਦਿਆਰਥੀਆਂ ਨੇ ਇੱਕ ਵਾਰ ਕਪੂਰਥਲਾ ਸਥਿਤ ਸਾਇੰਸ ਸਿਟੀ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਹਰ ਵਿਦਿਆਰਥੀ ਲਈ ਉੱਥੇ ਜਾਣਾ ਸੰਭਵ ਨਹੀਂ ਸੀ। ਇਸ ਤੋਂ ਬਾਅਦ ਜੈਸਵਾਲ ਨੇ ਸਕੂਲ ਦੇ ਇੱਕ ਹਾਲ ਨੂੰ ਇਨਰ-ਕਰਵਡ ਪ੍ਰੋਜੈਕਸ਼ਨ ਸਿਸਟਮ ਦੀ ਮਦਦ ਨਾਲ 3ਡੀ ਲਰਨਿੰਗ ਸਪੇਸ ਵਿੱਚ ਤਬਦੀਲ ਕੀਤਾ। ਇੱਥੇ ਹਰ ਸੈਸ਼ਨ ਦੌਰਾਨ ਲਗਭਗ 25 ਤੋਂ 30 ਵਿਦਿਆਰਥੀ ਪੁਲਾੜ ਅਤੇ ਜੀਵ ਵਿਗਿਆਨ ਨਾਲ ਸਬੰਧਤ 3ਡੀ ਸਿੱਖਿਆ ਦਾ ਅਨੁਭਵ ਕਰਦੇ ਹਨ। ਬਾਅਦ ਵਿੱਚ ਇਸ ਮਾਡਲ ਨੂੰ ਚੰਡੀਗੜ੍ਹ ਦੇ ਛੇ ਹੋਰ ਸਰਕਾਰੀ ਸਕੂਲਾਂ ਵਿੱਚ ਵੀ ਅਪਣਾਇਆ ਗਿਆ। ਜੈਸਵਾਲ ਨੇ ਦੀਕਸ਼ਾ ਪਲੇਟਫਾਰਮ ’ਤੇ 149 ਤੋਂ ਵੱਧ ਡਿਜੀਟਲ ਲਰਨਿੰਗ ਮੋਡੀਊਲ ਵੀ ਤਿਆਰ ਕੀਤੇ ਹਨ।
ਜ਼ਰੂਰਤਮੰਦ ਵਿਦਿਆਰਥੀਆਂ ਦੀ ਵੀ ਕਰਦੇ ਹਨ ਮਦਦ
ਰਵੀ ਜੈਸਵਾਲ ਖੁਦ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਰਹੇ ਹਨ। ਇਸੇ ਕਾਰਨ ਉਹ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਫੀਸ ਸਬੰਧੀ ਮਦਦ ਵੀ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬਣਾਇਆ ‘ਮਦਰ ਟੈਰੇਸਾ ਮਲੋਆ ਸਕੂਲ ਹੈਲਪ ਗਰੁੱਪ’ ਲੋੜਵੰਦ ਬੱਚਿਆਂ ਦੇ ਇਲਾਜ ਅਤੇ ਉੱਚ ਸਿੱਖਿਆ ਲਈ ਵੀ ਸਹਾਇਤਾ ਪ੍ਰਦਾਨ ਕਰਦਾ ਹੈ। ਨੈਸ਼ਨਲ ਟੀਚਰਜ਼ ਐਵਾਰਡ ਲਈ ਚੋਣ ਹੋਣ ’ਤੇ ਰਵੀ ਜੈਸਵਾਲ ਨੇ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਸਕੂਲ ਲਈ ਵੀ ਮਾਣ ਵਾਲੀ ਗੱਲ ਹੈ।
