ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਦੇ ਵਿਕਾਸ ਕਾਰਜਾਂ ਦਾ ਐਲਾਨ
Latest News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਦੇ ਮਹਾਨ ਨੌਜਵਾਨ ਕ੍ਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਰਾਭਾ ਪਿੰਡ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਹ ਅੱਜ ਸਰਾਭਾ ਪਿੰਡ ਵਿੱਚ ਆਯੋਜਿਤ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ।
ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੀ ਪੀੜ੍ਹੀ ਲਈ ਸਦੀਵੀ ਪ੍ਰੇਰਨਾ — ਮਾਨ
ਮੁੱਖ ਮੰਤਰੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਿਹਾ ਕਿ ਕਰਤਾਰ ਸਿੰਘ ਸਰਾਭਾ ਸਿਰਫ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਸ਼ਹਾਦਤ ਦੇ ਕੇ ਨੌਜਵਾਨੀ ਦੀ ਸਭ ਤੋਂ ਵੱਡੀ ਮਿਸਾਲ ਬਣੇ।
ਉਨ੍ਹਾਂ ਨੇ ਕਿਹਾ ਕਿ ਗ਼ਦਰ ਪਾਰਟੀ ਵਿੱਚ ਸਰਾਭਾ ਦਾ ਯੋਗਦਾਨ ਭਾਰਤ ਨੂੰ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਵਾਉਣ ਦੀ ਲੜਾਈ ਵਿਚ ਬਹੁਤ ਵੱਡਾ ਸੀ।
ਮੁੱਖ ਮੰਤਰੀ ਨੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜੋ ਸਰਾਭਾ ਨਾਲੇ ਹੀ ਫਾਂਸੀ ਚੜ੍ਹੇ ਸਨ—ਵਿਸ਼ਨੂੰ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ, ਜਗਤ ਸਿੰਘ, ਸੁਰੈਣ ਸਿੰਘ (ਵੱਡਾ), ਹਰਨਾਮ ਸਿੰਘ ਸਿਆਲਕੋਟੀ ਅਤੇ ਸੁਰੈਣ ਸਿੰਘ (ਛੋਟਾ)।
ਸਰਾਭਾ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਰਾਭਾ ਪਿੰਡ ਨੂੰ ਆਧੁਨਿਕ ਸੁਵਿਧਾਵਾਂ ਨਾਲ ਮਾਡਲ ਪਿੰਡ ਵਜੋਂ ਤਿਆਰ ਕਰਨਾ ਹੈ। 45.84 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਇਹ ਮੁੱਖ ਕਾਰਜ ਸ਼ਾਮਲ ਹਨ:
ਮੁੱਖ ਵਿਕਾਸ ਪ੍ਰੋਜੈਕਟ
- ਲਲਤੋਂ ਕਲਾਂ–ਸਰਾਭਾ–ਰਾਏਕੋਟ–ਹਲਵਾਰਾ ਰੋਡ ਨੂੰ ਦੋ-ਮਾਰਗੀ ਤੋਂ ਚਾਰ-ਮਾਰਗੀ ਬਣਾਉਣ ਲਈ 40 ਕਰੋੜ ਰੁਪਏ
- ਇਹ ਸੜਕ ਸਿੱਧੀ ਹਲਵਾਰਾ ਏਅਰਪੋਰਟ ਤੱਕ ਜਾਵੇਗੀ
- ਸਤਹੀ ਪਾਣੀ ਯੋਜਨਾ – 2.82 ਕਰੋੜ
- 10mm ਇਨਡੋਰ ਸ਼ੂਟਿੰਗ ਰੇਂਜ (ਟਾਰਗੇਟ ਸੇਫਟੀ ਸੈੱਟਅਪ) – 2 ਕਰੋੜ
- ਬਾਸਕਟਬਾਲ ਗਰਾਊਂਡ ਦੀ ਮੁਰੰਮਤ – 10 ਲੱਖ
- ਵਾਲੀਬਾਲ ਕੋਰਟ ਅਤੇ 6 ਕੰਕਰੀਟ ਬੈਂਚਾਂ ਨਾਲ ਖੇਡ ਮੈਦਾਨ ਦਾ ਵਿਕਾਸ – 3 ਲੱਖ
- ਜੰਗਲਾਤ ਨਰਸਰੀ ਦਾ ਅਪਗ੍ਰੇਡ – 89 ਲੱਖ
- ਪੁਲਿਸ ਅਤੇ ਸੁਰੱਖਿਆ ਬਲਾਂ ਲਈ ਸਿਖਲਾਈ ਅਕੈਡਮੀ
- ਏਅਰ ਫੋਰਸ ਅਕੈਡਮੀ ਤੋਂ ਛੱਡੇ ਮਿਗ-21 ਜਹਾਜ਼ ਨਾਲ ਡਰੋਨ ਅਤੇ ਫਲਾਇਟ ਟ੍ਰੇਨਿੰਗ ਦੀ ਵੀ ਸਹੂਲਤ
ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਪੰਜਾਬੀਆਂ ਨੂੰ ਸੱਦਾ
ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣ ਵਾਲੇ ਸਮਾਗਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ।
ਇਨ੍ਹਾਂ ਸਮਾਗਮਾਂ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ, ਨਗਰ ਕੀਰਤਨ, ਡਰੋਨ ਸ਼ੋਅ, ਕੀਰਤਨ ਦਰਬਾਰ ਅਤੇ ਹੋਰ ਕਈ ਇਤਿਹਾਸਕ ਪ੍ਰੋਗਰਾਮ ਕਰਵਾਏ ਜਾਣਗੇ।
ਸ਼ਰਧਾਂਜਲੀ ਅਤੇ ਦਰਸ਼ਨ
ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਸਰਾਭਾ ਦੇ ਜੱਦੀ ਘਰ ਵੀ ਗਏ ਅਤੇ ਉਨ੍ਹਾਂ ਨੂੰ ਨਮਨ ਕੀਤਾ।