ਦਿਲਜੀਤ ਦੋਸਾਂਝ ਦੇ ਮੁੱਲਾਂਪੁਰ ਕੰਸਰਟ ’ਤੇ ਬਾਲ ਕਮਿਸ਼ਨ ਦਾ ਨੋਟਿਸ, ਡੀ.ਸੀ. ਮੋਹਾਲੀ ਤੋਂ ਮੰਗੀ ਰਿਪੋਰਟ
ਮੋਹਾਲੀ: ਮੁੱਲਾਂਪੁਰ ਵਿੱਚ 12 ਦਸੰਬਰ 2026 ਨੂੰ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਡਾ. ਪੰਡਿਤਰਾਓ ਧਰੇਣਵਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮਾਮਲੇ ਵਿੱਚ ਲੋੜੀਂਦੇ ਕਦਮ ਚੁੱਕਣ ਅਤੇ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਸੌਂਪਣ ਲਈ ਕਿਹਾ ਹੈ।
ਡਾ. ਪੰਡਿਤਰਾਓ ਨੇ ਆਪਣੀ ਸ਼ਿਕਾਇਤ ਵਿੱਚ ਮੰਗ ਕੀਤੀ ਹੈ ਕਿ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੂੰ ‘ਪਟਿਆਲਾ ਪੈੱਗ’, ‘5 ਤਾਰਾ ਠੇਕੇ’, ‘ਜੇਬ ਵਿੱਚੋਂ ਅਫ਼ੀਮ ਲੱਭੀਆ’ ਅਤੇ ‘ਜੱਟ ਫਾਇਰ ਕਰਦਾ’ ਵਰਗੇ ਗੀਤ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਨੇ ਗਾਇਕ ਵੱਲੋਂ ਛਾਤੀ ’ਤੇ ਬੁਲੇਟ ਬੈਲਟ ਪਹਿਨਣ ’ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਸਮਾਰੋਹ ਦੌਰਾਨ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਤੇਜ਼ ਚਮਕਦੀਆਂ ਲਾਈਟਾਂ ਚੱਲ ਰਹੀਆਂ ਹੋਣ ਤਾਂ ਬੱਚਿਆਂ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ।
ਹਾਈਕੋਰਟ ਦੇ ਹੁਕਮਾਂ ਦਾ ਹਵਾਲਾ
ਸ਼ਿਕਾਇਤਕਰਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22 ਜੁਲਾਈ 2019 ਦੇ ਹੁਕਮਾਂ ਦਾ ਹਵਾਲਾ ਵੀ ਦਿੱਤਾ ਹੈ। ਇਹ ਹੁਕਮ CWP-27011-2016 ਨਾਲ ਸਬੰਧਤ ਹਨ। ਸ਼ਿਕਾਇਤ ਅਨੁਸਾਰ, ਇਨ੍ਹਾਂ ਹੁਕਮਾਂ ਤਹਿਤ ਲਾਈਵ ਕੰਸਰਟਾਂ ਵਿੱਚ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗੀਤਾਂ ਦੀ ਇਜਾਜ਼ਤ ਨਾ ਦੇਣ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਨੂੰ ਨਿੱਜੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਸ਼ੈਰੀ ਮਾਨ ਦੇ ਸ਼ੋਅ ਨੂੰ ਲੈ ਕੇ ਵੀ ਕਮਿਸ਼ਨ ਨੇ ਕੀਤੀ ਕਾਰਵਾਈ
ਇਸੇ ਦੌਰਾਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਪੰਜਾਬੀ ਗਾਇਕ ਸ਼ੈਰੀ ਮਾਨ ਦੇ 28 ਨਵੰਬਰ 2026 ਨੂੰ ਮੁੱਲਾਂਪੁਰ ਵਿੱਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵੀ ਡੀ.ਸੀ. ਮੋਹਾਲੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਡਾ. ਪੰਡਿਤਰਾਓ ਦੀ ਸ਼ਿਕਾਇਤ ’ਤੇ ਕਮਿਸ਼ਨ ਨੇ ‘ਲਾਕੇ ਤਿੰਨ ਪੈੱਗ ਬੱਲੀਏ’ ਅਤੇ ‘ਹੋਸਟਲ ਵਾਲਾ ਕਮਰਾ ਦੇਵੇ ਜੀ’ ਵਰਗੇ ਗੀਤਾਂ ਸਬੰਧੀ ਇਤਰਾਜ਼ਾਂ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਦੋਵਾਂ ਮਾਮਲਿਆਂ ਵਿੱਚ ਬੱਚਿਆਂ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਹੈ।