ਬੱਚਾ ਬਾਥਰੂਮ ‘ਚ ਚਲਾ ਰਿਹਾ ਸੀ ਮੋਬਾਈਲ, ਅਚਾਨਕ ਹੋਇਆ ਵੱਡਾ ਧਮਾਕਾ, ਹਾਦਸੇ ‘ਚ ਜਲਿਆ ਹੱਥ
Mobile Explosion; ਅੱਜਕੱਲ ਮਾਪੇ ਬੱਚਿਆਂ ਨੂੰ ਆਪਣੀ ਸਹੂਲਤ ਲਈ ਮੋਬਾਈਲ ਫੋਨ ਵਰਤਣ ਲਈ ਦੇ ਦਿੰਦੇ ਹਨ ਪਰ ਕਈ ਵਾਰ ਇਹ ਸਹੂਲਤ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ ਇਥੋਂ ਦੇ ਪਿੰਡ ਸੰਗ ਢੇਸੀਆਂ ‘ਚ ਵਾਪਰੀ ਹੈ। ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲਾ ਬੇਟਾ ਬਾਥਰੂਮ ਵਿਚ ਫੋਨ ਚਲਾ ਰਿਹਾ ਸੀ, ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿਚ ਹੀ ਬਲਾਸਟ ਹੋ ਗਿਆ। ਬਲਾਸਟ ਨਾਲ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ।
ਇਸ ਦੌਰਾਨ ਜਦੋਂ ਮਾਤਾ ਬਾਥਰੂਮ ਵਿਚ ਦਾਖ਼ਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ। ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ। ਇਹ ਮਾਮਲਾ ਮਾਪਿਆਂ ਲਈ ਇਕ ਵੱਡੀ ਸਿੱਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ।