ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਕਲਾਸ ਦੀ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ
ਪੰਚਕੂਲਾ: ਪੰਚਕੂਲਾ ਦੇ ਸੈਕਟਰ-20 ਸਥਿਤ ਸੰਸਕ੍ਰਿਤੀ ਸਕੂਲ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਨੇ KG ਦੀ ਵਿਸ਼ੇਸ਼ ਬੱਚਿਆਂ ਵਾਲੀ ਕਲਾਸ ਵਿੱਚ ਪੜ੍ਹਦੀ ਇੱਕ ਛੋਟੀ ਬੱਚੀ ’ਤੇ ਹਮਲਾ ਕਰ ਦਿੱਤਾ। ਘਟਨਾ ਸਕੂਲ ਦੇ ਅੰਦਰ ਵਾਪਰੀ ਦੱਸੀ ਜਾ ਰਹੀ ਹੈ। ਹਮਲੇ ਵਿੱਚ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਵਿਦਿਆਰਥੀ ਨੇ ਪਹਿਲਾਂ ਬੱਚੀ ’ਤੇ ਪੱਥਰ ਨਾਲ ਹਮਲਾ ਕੀਤਾ ਅਤੇ ਫਿਰ ਗਮਲਾ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫ਼ੀ ਦੇਰ ਤੱਕ ਬੱਚੀ ਨੂੰ ਘਸੀਟਦਾ ਵੀ ਰਿਹਾ।
ਜ਼ਖ਼ਮੀ ਬੱਚੀ ਨੂੰ ਪਹਿਲਾਂ ਸੈਕਟਰ-6 ਦੇ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਪੀਜੀਆਈ (PGI) ਰੈਫ਼ਰ ਕਰ ਦਿੱਤਾ ਗਿਆ।
ਪੁਲਿਸ ਟੀਮ ਸਕੂਲ ਪਹੁੰਚੀ, ਮਾਪਿਆਂ ਤੋਂ ਪੁੱਛਗਿੱਛ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ-20 ਦੇ ਐੱਸਐੱਚਓ ਯਸ਼ਦੀਪ ਅਤੇ ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਆਪਣੀ ਟੀਮ ਸਮੇਤ ਸਕੂਲ ਪਹੁੰਚੇ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਵਿਦਿਆਰਥੀ ਦੇ ਮਾਪਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖ਼ਰਕਾਰ ਅਜਿਹੀ ਘਟਨਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰੀ ਅਤੇ ਵਿਦਿਆਰਥੀ ਵੱਲੋਂ ਇਹ ਕਦਮ ਚੁੱਕਣ ਪਿੱਛੇ ਕੀ ਕਾਰਨ ਸਨ।