ਅੰਮ੍ਰਿਤਸਰ ‘ਚ ਅੱਜ “ਏਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ” ਸਮਾਗਮ ‘ਚ ਪਹੁੰਚਣਗੇ CM ਮਾਨ ਤੇ ਕੇਜਰੀਵਾਲ
Ek Shaam Bhagwan Shiv Ji Ke Nam: ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪੇਟੈਕਸ ਗਰਾਊਂਡ ਵਿਖੇ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਵਿਸ਼ਾਲ ਰਾਜ ਪੱਧਰੀ ਧਾਰਮਿਕ ਸਮਾਗਮ “ਏਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਅਧਿਆਤਮਿਕ ਇਕੱਠ ਵਿੱਚ ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਸ਼ਾਸਨ ਵੱਲੋਂ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸ ਅਧਿਆਤਮਿਕ ਸ਼ਾਮ ਦਾ ਮੁੱਖ ਆਕਰਸ਼ਣ ਦੇਸ਼ ਦੇ ਪ੍ਰਸਿੱਧ ਭਜਨ ਗਾਇਕ ਹੰਸ ਰਾਜ ਰਘੂਵੰਸ਼ੀ ਹੋਣਗੇ, ਜੋ ਆਪਣੀ ਸੁਰੀਲੀ ਆਵਾਜ਼ ਅਤੇ ਪ੍ਰਸਿੱਧ ਭਗਤੀ ਗੀਤਾਂ ਰਾਹੀਂ ਭੋਲੇ ਨਾਥ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਲੈਣਗੇ ਆਸ਼ੀਰਵਾਦ
ਇਸ ਰਾਜ ਪੱਧਰੀ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਦੋਵੇਂ ਆਗੂ ਇਸ ਪਵਿੱਤਰ ਮੌਕੇ ‘ਤੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।
ਪਰਿਵਾਰਾਂ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਪੇਟੈਕਸ ਗਰਾਊਂਡ ਵਿਖੇ ਪਾਰਕਿੰਗ, ਸਾਫ਼ ਪੀਣ ਵਾਲੇ ਪਾਣੀ ਅਤੇ ਮੈਡੀਕਲ ਟੀਮਾਂ ਸਮੇਤ ਸਾਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੱਜ-ਦੌੜ ਤੋਂ ਬਚਣ ਲਈ ਸਮੇਂ ਸਿਰ ਸਮਾਗਮ ਵਾਲੀ ਥਾਂ ‘ਤੇ ਪਹੁੰਚਣ।
ਵਾਹਨ ਚਾਲਕ ਦੇਣ ਧਿਆਨ: ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਰੂਟ ਪਲਾਨ
ਸਮਾਗਮ ਦੌਰਾਨ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਏ.ਡੀ.ਸੀ.ਪੀ (ਟ੍ਰੈਫਿਕ) ਅਮਨਦੀਪ ਕੌਰ ਵੱਲੋਂ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਮੁੱਖ ਨੁਕਤੇ ਹੇਠ ਲਿਖੇ ਅਨੁਸਾਰ ਹਨ:
- ਇਨ੍ਹਾਂ ਰਸਤਿਆਂ ‘ਤੇ ਜਾਣ ਤੋਂ ਬਚੋ: ਹਰਤੇਜ ਹਸਪਤਾਲ ਤੋਂ ਗੁਮਟਾਲਾ ਰੋਡ ਅਤੇ ਟੀ-ਪੁਆਇੰਟ (ਇਨ-ਆਊਟ ਬੇਕਰੀ) ਤੋਂ ਸਮਾਗਮ ਵਾਲੀ ਥਾਂ (ਪੇਟੈਕਸ ਗਰਾਊਂਡ) ਵੱਲ ਜਾਣ ਵਾਲੀਆਂ ਸੜਕਾਂ ‘ਤੇ ਵਿਸ਼ੇਸ਼ ਟ੍ਰੈਫਿਕ ਨਿਯਮ ਲਾਗੂ ਰਹਿਣਗੇ। ਆਮ ਜਨਤਾ ਨੂੰ ਅਪੀਲ ਹੈ ਕਿ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਣ ‘ਤੇ ਇਨ੍ਹਾਂ ਰਸਤਿਆਂ ਦੀ ਵਰਤੋਂ ਨਾ ਕਰਨ।
- ਵਿਕਲਪਿਕ ਰੂਟਾਂ ਦੀ ਕਰੋ ਵਰਤੋਂ: ਰਣਜੀਤ ਐਵੇਨਿਊ ਵੱਲ ਜਾਣ ਵਾਲੇ ਸਥਾਨਕ ਵਾਹਨ ਚਾਲਕ ਰਤਨ ਸਿੰਘ ਚੌਕ, ਐਮ.ਕੇ. ਹੋਟਲ ਰੋਡ, ਬੈਸਟ ਵੈਸਟਰਨ ਰੋਡ ਅਤੇ ਸੀ-ਮਾਰਕੀਟ ਟੀ-ਪੁਆਇੰਟ ਰਾਹੀਂ ਬਦਲਵੇਂ ਰਸਤਿਆਂ ਦੀ ਵਰਤੋਂ ਕਰ ਸਕਦੇ ਹਨ।
- ਬਾਹਰੋਂ ਆਉਣ ਵਾਲੀਆਂ ਗੱਡੀਆਂ ਲਈ ਰਸਤਾ: ਸ਼ਹਿਰ ਤੋਂ ਬਾਹਰੋਂ ਜਾਂ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਵਾਹਨਾਂ ਨੂੰ ਆਵਾਜਾਈ ਦੇ ਜਾਮ ਤੋਂ ਬਚਣ ਲਈ ITI-ਆਨੰਦ ਪਾਰਕ ਵਾਲਾ ਰੂਟ ਲੈਣ ਦੀ ਸਲਾਹ ਦਿੱਤੀ ਗਈ ਹੈ।
- ਸੁਰੱਖਿਆ ਸਖ਼ਤ, ਹੁਲੜਬਾਜ਼ਾਂ ‘ਤੇ ਰਹੇਗੀ ਨਜ਼ਰ: ਪੂਰੇ ਇਲਾਕੇ ਅਤੇ ਮੁੱਖ ਚੌਕਾਂ ‘ਤੇ ਵਾਧੂ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਸਮਾਗਮ ਦੌਰਾਨ ਕਾਨੂੰਨ ਵਿਵਸਥਾ ਨੂੰ ਭੰਗ ਕਰਨ, ਮਾਹੌਲ ਖ਼ਰਾਬ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਕਰਨ ਵਾਲੇ ਅੰਸਰਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।