ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡੀਓ ਲਈ CM ਮਾਨ ਨੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨਾਲ ਕੀਤੀ ਮੁਲਾਕਾਤ
CM Mann meets delegation of Bar Council of England: ਭਗਵੰਤ ਮਾਨ ਨੇ ਆਖਿਆ ਕਿ ਇਨ੍ਹਾਂ ਵੀਡੀਓਜ਼ ਦਾ ਸਾਰੇ ਭਾਰਤੀਆਂ ਖ਼ਾਸ ਤੌਰ ‘ਤੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਮਹੱਤਵ ਹੈ, ਜੋ ਭਗਤ ਸਿੰਘ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ।
Rare Video of Shaheed Bhagat Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਵਿੱਚ ਸੂਬਾ ਸਰਕਾਰ ਦੀ ਸਹਾਇਤਾ ਲਈ ਬਰਤਾਨੀਆ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਦੀ ਮੰਗ ਕੀਤੀ।
ਆਪਣੇ ਸਰਕਾਰੀ ਨਿਵਾਸ ‘ਤੇ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਸ ਮਹਾਨ ਸ਼ਹੀਦ ਦਾ ਕੋਈ ਵੀ ਵੀਡੀਓ ਰਿਕਾਰਡ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪਤਾ ਚੱਲਿਆ ਹੈ ਕਿ ਸਕਾਟਲੈਂਡ ਯਾਰਡ ਕੋਲ ਸ਼ਹੀਦ ਭਗਤ ਸਿੰਘ ਦੀਆਂ ਦੁਰਲੱਭ ਵੀਡੀਓ, ਖ਼ਾਸ ਤੌਰ ‘ਤੇ ਗ੍ਰਿਫ਼ਤਾਰੀ ਤੇ ਸੁਣਵਾਈ ਦੀਆਂ ਵੀਡੀਓਜ਼ ਹੋ ਸਕਦੀਆਂ ਹਨ। ਭਗਵੰਤ ਮਾਨ ਨੇ ਆਖਿਆ ਕਿ ਇਨ੍ਹਾਂ ਵੀਡੀਓਜ਼ ਦਾ ਸਾਰੇ ਭਾਰਤੀਆਂ ਖ਼ਾਸ ਤੌਰ ‘ਤੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਮਹੱਤਵ ਹੈ, ਜੋ ਭਗਤ ਸਿੰਘ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ।
ਆਉਣ ਵਾਲੀਆਂ ਪੀੜ੍ਹੀਆਂ ਲੈਣਗੀਆਂ ਪ੍ਰੇਰਨਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਇਹ ਵੀਡੀਓ ਫੁਟੇਜ ਹਾਸਲ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਨੂੰ ਅਪੀਲ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਵਾਸਤੇ ਉਹ ਸੂਬਾ ਸਰਕਾਰ ਦੇ ਇਸ ਲੋਕ ਭਲਾਈ ਕਾਰਜ ਵਿੱਚ ਸਹਿਯੋਗ ਦੇਣ। ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਸ ਕੌਮੀ ਮਹੱਤਵ ਵਾਲੇ ਮਸਲੇ ਦੀ ਪੈਰਵਾਈ ਕਰਨ ਵਿੱਚ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਬਰਤਾਨੀਆ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ
ਇਕ ਹੋਰ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਵੀ ਬਾਰ ਕੌਂਸਲ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੂਚਨਾ ਤਕਨਾਲੋਜੀ, ਫੂਡ ਪ੍ਰਾਸੈਸਿੰਗ ਅਤੇ ਆਟੋ ਮੋਬਾਈਲ ਖ਼ੇਤਰ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ, ਜਿਸ ਤੋਂ ਨਿਵੇਸ਼ਕ ਲਾਭ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਅਗਲੇ ਸਾਲ ਮਾਰਚ ਵਿੱਚ ਹੋਣ ਵਾਲੇ ‘ਇਨਵੈਸਟ ਪੰਜਾਬ ਸੰਮੇਲਨ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਦੌਰਾਨ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੀ ਚੇਅਰ ਬਾਰਬਰਾ ਮਿੱਲਜ਼ ਕੇ.ਸੀ., ਬਾਰ ਦੀ ਚੇਅਰ ਦੀ ਸਲਾਹਕਾਰ ਪੀਰਨ ਢਿੱਲੋਂ-ਸਟਾਰਕਿੰਗਜ਼, ਕੰਸਲਟੈਂਟ ਮੇਲੀਸ਼ਾ ਚਾਰਲਜ਼ ਅਤੇ ਬੈਰਿਸਟਰ 4ਪੀ.ਬੀ. ਬਲਜਿੰਦਰ ਬਾਠ ਤੇ ਹੋਰਾਂ ਨੇ ਮੁੱਖ ਮੰਤਰੀ ਨੂੰ ਪੂਰਨ ਸਮਰਥਨ ਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਆਰਥਿਕ ਤਰੱਕੀ ਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਕੀਤੀਆਂ ਅਹਿਮ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।