Daily Post News ਦੇ ਮੰਚ ਤੋਂ CM ਮਾਨ ਦਾ ਵੱਡਾ ਬਿਆਨ, BJP ਨੂੰ ਚੈਲੰਜ “ਮੈਨੂੰ ਖਰੀਦ ਕੇ ਦਿਖਾਵੇ…”
ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ Conclave ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਸਿਆਸੀ ਵਿਰੋਧੀਆਂ ‘ਤੇ ਤਿੱਖੇ ਹਮਲੇ ਕਰਦੇ ਹੋਏ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਮੈਨੂੰ ਖਰੀਦ ਕੇ ਦਿਖਾਵੇ, ਭਗਵੰਤ ਮਾਨ ਨੂੰ ਖਰੀਦਣ ਵਾਲੀ ਹਜੇ ਤੱਕ ਕੋਈ ਕਰੰਸੀ ਨਹੀਂ ਬਣੀ।”
ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ
CM ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੁਰੂਆਂ ਅਤੇ ਪੀਰਾਂ ਦੇ ਨਾਂ ‘ਤੇ ਵੋਟਾਂ ਤਾਂ ਬਹੁਤ ਵਾਰ ਮੰਗੀਆਂ, ਪਰ ਲੋਕਾਂ ਲਈ ਢੰਗ ਦਾ ਕੰਮ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ “ਕਰਜ਼ਾ ਤਾਂ ਸਭ ਨੇ ਲਿਆ, ਪਰ ਕੰਮ ਕਿਸੇ ਨੇ ਨਹੀਂ ਕੀਤਾ,” ਉਨ੍ਹਾਂ ਦੇ ਮੁਤਾਬਕ ਪੰਜਾਬ ‘ਤੇ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਦੀ ਦੇਣ ਹੈ।
ਆਪਣੀ ਸਰਕਾਰ ਦੇ ਕੰਮ ਗਿਣਾਏ
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 65,264 ਨੌਕਰੀਆਂ ਦਿੱਤੀਆਂ ਹਨ ਅਤੇ 600 ਯੂਨਿਟ ਤੱਕ ਬਿਜਲੀ ਮੁਫ਼ਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 90 ਫੀਸਦ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਤੇ ਬਿਨਾਂ ਕਿਸੇ ਸ਼ਰਤ ਦੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ 78% ਤੱਕ ਪਹੁੰਚ ਗਈ ਹੈ ਅਤੇ ਝੋਨੇ ਦੇ ਸੀਜ਼ਨ ‘ਚ ਇਹ 90% ਤੱਕ ਜਾ ਸਕਦੀ ਹੈ। ਨਾਲ ਹੀ, 0 ਤੋਂ 4 ਮੀਟਰ ਤੱਕ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਆਇਆ ਹੈ।
ਸਿੱਖਿਆ ਅਤੇ ਯੂਥ ‘ਤੇ ਫੋਕਸ
CM ਮਾਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਲੈਵਲ ਇਕਸਾਰ ਕਰਨਾ ਹੈ ਅਤੇ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਵਧਾਉਣ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ “ਪੰਜਾਬ ਦਾ ਹਰ ਬੱਚਾ ਸਾਡੇ ਲਈ ਫੁੱਲ ਵਰਗਾ ਹੈ”।
VIP ਕਲਚਰ ਤੇ ਯਾਤਰਾ ਮਾਮਲਾ
ਉਨ੍ਹਾਂ ਨੇ ਦੱਸਿਆ ਕਿ ਉਹ VIP ਕਲਚਰ ਦੇ ਖ਼ਿਲਾਫ਼ ਹਨ, ਪਰ ਪ੍ਰੋਟੋਕੋਲ ਦੀ ਪਾਲਣਾ ਲਾਜ਼ਮੀ ਹੁੰਦੀ ਹੈ। CM ਮਾਨ ਨੇ ਕਿਹਾ ਕਿ “ਮੈਂ 1503 ਦਿਨਾਂ ‘ਚ ਇੱਕ ਵਾਰ ਵੀ ਹੈਲੀਕਾਪਟਰ ‘ਚ ਨਹੀਂ ਬੈਠਿਆ ਅਤੇ ਦਿੱਲੀ ਜਾਣ ਲਈ ਵੀ ਇਸਦਾ ਇਸਤੇਮਾਲ ਨਹੀਂ ਕੀਤਾ,” ਹਾਲਾਂਕਿ ਕਈ ਵਾਰ ਹੈਲੀਕਾਪਟਰ ਸੜਕ ਨਾਲੋਂ ਸਸਤਾ ਪੈਂਦਾ ਹੈ।
ਸਿਆਸੀ ਟਿੱਪਣੀਆਂ ਤੇ 2027 ਦੀ ਤਿਆਰੀ
CM ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਅਤੇ 2027 ਚੋਣਾਂ ਲਈ ਪੂਰੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਬਿਨਾਂ ਤੱਥਾਂ ਦੇ ਦੋਸ਼ ਨਹੀਂ ਲਗਾਉਣੇ ਚਾਹੀਦੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਰਾਜ ਸਭਾ ਮੈਂਬਰ ਭਾਜਪਾ ‘ਚ ਗਏ ਹਨ, ਉਹ ਹਿੰਮਤ ਕਰਕੇ ਅਸਤੀਫ਼ਾ ਦੇਣ। ਨਾਲ ਹੀ, ਬੇਅਦਬੀ ਖ਼ਿਲਾਫ਼ ਕਾਨੂੰਨ ਬਣਾਉਣ ‘ਤੇ ਲੋਕਾਂ ਵੱਲੋਂ ਮਿਲ ਰਹੇ ਆਸ਼ੀਰਵਾਦ ਦਾ ਵੀ ਜ਼ਿਕਰ ਕੀਤਾ।
ਲੋਕਾਂ ਨਾਲ ਜੁੜੇ ਰਹਿਣ ਦੀ ਗੱਲ
ਆਖ਼ਰ ‘ਚ CM ਮਾਨ ਨੇ ਕਿਹਾ ਕਿ ਉਹ ਆਮ ਲੋਕਾਂ ਨਾਲ ਬੈਠਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਲੋਕਾਂ ਦੇ ਨੇੜੇ ਰਹਿਣ ਦੀ ਰਹੇਗੀ। “ਅਸੀਂ ਪੰਜਾਬ ਨੂੰ ਮੁੜ ਰੰਗਲਾ ਬਣਾਵਾਂਗੇ, ਇਹ ਬਦਲਾਅ ਦਾ ਸਿਰਫ਼ ਪਹਿਲਾ ਫੇਜ਼ ਹੈ,”।